ਵਿੰਨੀਪੈਗ : ਮੈਨੀਟੋਬਾ ਦੇ ਰਸਤੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਵਾਜਾਈ ਤੇਜ਼ੀ ਨਾਲ ਵਧ ਰਹੀ ਹੈ। ਆਰ.ਸੀ.ਐਮ.ਪੀ. ਅਤੇ ਅਮਰੀਕਾ ਦੇ ਬਾਰਡਰ ਪੈਟਰੌਲ ਏਜੰਟਾਂ ਨੇ ਸਾਂਝੇ ਤੌਰ ’ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਤਕਰੀਬਨ 250 ਪ੍ਰਵਾਸੀਆਂ ਨੂੰ ਕੌਮਾਂਤਰੀ ਬਾਰਡਰ ਨੇੜਿਉਂ ਕਾਬੂ ਕੀਤਾ ਗਿਆ।
ਮਨੁੱਖੀ ਤਸਕਰ 5 ਹਜ਼ਾਰ ਤੋਂ 30 ਹਜ਼ਾਰ ਡਾਲਰ ਤੱਕ ਵਸੂਲ ਰਹੇ
ਚੀਫ ਪੈਟਰੋਲ ਏਜੰਟ ਸਕੌਟ ਗੈਰਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਨੁੱਖੀ ਤਸਕਰ ਕੌਮਾਂਤਰੀ ਸਰਹੱਦ ’ਤੇ ਸਰਗਰਮ ਨਜ਼ਰ ਆ ਰਹੇ ਹਨ ਜੋ ਤੈਅਸ਼ੁਦਾ ਰਕਮ ਵਿਚ ਬਾਰਡਰ ਕਰਵਾਉਣ ਦਾ ਵਾਅਦਾ ਕਰਦੇ ਹਨ ਪਰ ਬਾਰਡਰ ਏਜੰਟਾਂ ਦੀ ਲਗਾਤਾਰ ਮੁਸਤੈਦੀ ਸਦਕਾ ਗੈਰਕਾਨੂੰਨੀ ਪ੍ਰਵਾਸੀਆਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ।
ਦੋਹਾਂ ਪਾਸੇ ਤੈਨਾਤ ਲਾਅ ਐਨਫੋਰਸਮੈਂਟ ਅਫਸਰ ਮਨੁੱਖੀ ਤਸਕਰੀ ਰੋਕਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਦੂਜੇ ਪਾਸੇ ਮੈਨੀਟੋਬਾ ਆਰ.ਸੀ.ਐਮ.ਪੀ. ਦੇ ਸਾਰਜੈਂਟ ਲੈਂਸ ਗੌਲਡੂ ਨੇ ਕਿਹਾ ਕਿ ਕੈਨੇਡਾ ਦੇ ਮੈਨੀਟੋਬਾ ਸੂਬੇ ਰਾਹੀਂ ਅਮਰੀਕਾ ਦੇ ਨੌਰਥ ਡੈਕੋਟਾ ਜਾਂ ਮਿਨੇਸੋਟਾ ਰਾਜਾਂ ਵਿਚ ਦਾਖਲ ਹੋਣ ਦਾ ਯਤਨ ਕਰਨ ਵਾਲਿਆਂ ’ਤੇ ਪੂਰੀ ਨਜ਼ਰ ਰੱਖੀ ਜਾਂਦੀ ਹੈ। ਜ਼ਿਆਦਾਤਰ ਪ੍ਰਵਾਸੀਆਂ ਨੂੰ ਇਥੋਂ ਦੇ ਮੌਸਮ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਆਉਣ ਵਾਲਾ ਸਮਾਂ ਬੇਹੱਦ ਬਰਫੀਲਾ ਮੌਸਮ ਲੈ ਕੇ ਆ ਰਿਹਾ ਹੈ।