ਪੰਜਾਬ ਦੇ ਸਕੂਲਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਕੂਲਾਂ ਵਿਚ 8 ਜਨਵਰੀ ਤੋਂ 14 ਜਨਵਰੀ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਕੜਾਕੇ ਦੀ ਠੰਡ ਨੂੰ ਧਿਆਨ ਵਿਚ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।
ਟਵੀਟ ਕਰਦਿਆਂ ਸੀਐੱਮ ਮਾਨ ਨੇ ਲਿਖਿਆ ਕਿ ਕੜਾਕੇ ਦੀ ਠੰਡ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦੇ ਦਸਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ 8 ਜਨਵਰੀ ਤੋਂ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਦੋਂ ਕਿ ਸਿੱਖਿਆ ਮੰਤਰੀ ਬੈਂਸ ਨੇ ਸਰਦੀ ਦੀਆਂ ਛੁੱਟੀਆਂ ਵਧਾਉਣ ਵਿਚ ਅਸਮਰਥਤਾ ਜ਼ਾਹਿਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਵਿਚ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਕਾਰਨ ਮੌਤ ਹੋ ਗਈ ਸੀ। ਵਿਦਿਆਰਥੀ ਨੂੰ ਠੰਡ ਕਾਰਨ ਬੁਖਾਰ ਆਇਆ ਸੀ। ਡਾਕਟਰਾਂ ਮੁਤਾਬਕ ਵਿਦਿਆਰਥੀ ਦੇ ਦਿਮਾਗ ਵਿਚ ਬੁਖਾਰ ਕਾਰਨ ਸੋਜਿਸ ਹੋ ਗਈ ਸੀ। ਉਹ ਦੋ ਭੈਣਾਂ ਦੀ ਇਕਲੌਤਾ ਭਰਾ ਸੀ। ਵਿਦਿਆਰਥੀ ਦੀ ਪਛਾਣ ਪ੍ਰਦੀਪ ਸਿੰਘ ਵਾਸੀ ਅਜਨਾਲਾ ਦੇ ਪਿੰਡ ਵਰੀਆਂ ਵਜੋਂ ਹੋਈ ਹੈ। 7 ਸਾਲ ਦੇ ਪ੍ਰਦੀਪ ਕੁਮਾਰ ਨੂੰ 31 ਦਸੰਬਰ ਨੂੰ ਬੁਖਾਰ ਚੜ੍ਹ ਗਿਆਸੀ ਜਿਸ ਦੇ ਬਾਅਦ ਉਸਨੂੰ ਅਜਨਾਲਾ ਹਸਪਤਾਲ ਲਿਜਾਇਆ ਗਿਆ ਪਰ ਉਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। 3 ਦਿਨ ਤੱਕ ਵੱਖ-ਵੱਖ ਹਸਪਤਾਲਾਂ ਵਿਚ ਜਾਣ ਤੋਂ ਬਾਅਦ ਪਰਿਵਾਰ ਬੱਚੇ ਨੂੰ ਘਰ ਵਾਪਸ ਲੈ ਆਇਆ। ਇਸ ਦੌਰਾਨ ਬੱਚੇ ਦੀ ਮੌਤ ਹੋ ਗਈ।