ਵਾਸ਼ਿੰਗਟਨ : ਅਮਰੀਕਾ ਦੀ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਲ ਵਿਵੇਕ ਰਾਮਾਸਵਾਮੀ ਨੇ ਕਿਹਾ, ਹਮਾਸ ਨੂੰ ਖਤਮ ਕਰਨ ਲਈ ਇਜ਼ਰਾਈਲ ਨੂੰ ਆਪਣੀ ਪੂਰੀ ਤਾਕਤ ਵਰਤਣੀ ਚਾਹੀਦੀ ਹੈ। 100 ਹਮਾਸ ਨੇਤਾਵਾਂ ਦੇ ਸਿਰ ਕਲਮ ਕਰਕੇ ਗਾਜ਼ਾ ਸਰਹੱਦ ’ਤੇ ਲਟਕਾਉਣੇ ਚਾਹੀਦੇ। ਇਹ ਇਸ ਗੱਲ ਦਾ ਪ੍ਰਤੀਕ ਹੋਵੇਗਾ ਕਿ ਇਜ਼ਰਾਈਲ ’ਤੇ 7 ਅਕਤੂਬਰ ਵਰਗਾ ਹਮਲਾ ਦੁਬਾਰਾ ਨਹੀਂ ਹੋ ਸਕਦਾ। ਇਸ ਤੋਂ ਬਾਅਦ ਹੀ ਇਜ਼ਰਾਈਲ ਨੂੰ ਆਪਣੀ ਸਰਹੱਦ ’ਤੇ ਰੱਖਿਆ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ, ਮੈਨੂੰ ਪੂਰਾ ਭਰੋਸਾ ਹੈ ਕਿ ਜੇਕਰ ਆਈਡੀਐਫ ਨੂੰ ਮੌਕਾ ਮਿਲਦਾ ਹੈ ਤਾਂ ਉਹ ਇਕੱਲੇ ਇਜ਼ਰਾਈਲ ਦੀ ਰੱਖਿਆ ਕਰ ਸਕਦੀ ਹੈ। ਮੈਂ ਨਿੱਜੀ ਤੌਰ ’ਤੇ ਇਸ ਆਪਰੇਸ਼ਨ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਅਤੇ ਆਪਣੀ ਹੋਂਦ ਲਈ ਲੜਨ ਦਾ ਪੂਰਾ ਅਧਿਕਾਰ ਹੈ।

ਦੂਜੇ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਪਹਿਲੇ ਦਿਨ ਤੋਂ ਹੀ ਮੁਸਲਮਾਨਾਂ ’ਤੇ ਯਾਤਰਾ ਪਾਬੰਦੀ ਲਾਗੂ ਕਰਨਗੇ। ਰਿਪਬਲਿਕਨ ਯਹੂਦੀ ਸੰਮੇਲਨ ਦੌਰਾਨ ਟਰੰਪ ਨੇ ਕਿਹਾ, ਅਸੀਂ ਕੱਟੜਪੰਥੀ ਇਸਲਾਮਿਕ ਅੱਤਵਾਦੀਆਂ ਨੂੰ ਆਪਣੇ ਦੇਸ਼ ਤੋਂ ਬਾਹਰ ਰੱਖਾਂਗੇ। ਲਾਸ ਵੇਗਾਸ ’ਚ ਇਸ ਈਵੈਂਟ ਦੌਰਾਨ ਟਰੰਪ ਨੇ ਕਿਹਾ- ਅਸੀਂ ਆਪਣੇ ਦੋਸਤ ਅਤੇ ਪਾਰਟਨਰ ਇਜ਼ਰਾਈਲ ਦੀ ਇਸ ਤਰ੍ਹਾਂ ਸੁਰੱਖਿਆ ਕਰਾਂਗੇ ਜਿਵੇਂ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤੀ। ਹਮਾਸ ਅਤੇ ਇਜ਼ਰਾਈਲ ਵਿਚਕਾਰ ਲੜਾਈ ਅਸਲ ਵਿੱਚ ਬਰਬਰਤਾ ਉੱਤੇ ਸਭਿਅਤਾ, ਭ੍ਰਿਸ਼ਟਾਚਾਰ ਉਤੇ ਸ਼ਿਸ਼ਟਤਾ ਅਤੇ ਬੁਰਾਈ ਉੱਤੇ ਚੰਗਿਆਈ ਦੀ ਲੜਾਈ ਹੈ।

ਦਰਅਸਲ 2017 ’ਚ ਡੋਨਾਲਡ ਟਰੰਪ ਨੇ 7 ਮੁਸਲਿਮ ਦੇਸ਼ਾਂ ਦੇ ਲੋਕਾਂ ’ਤੇ 90 ਦਿਨਾਂ ਲਈ ਅਮਰੀਕਾ ਆਉਣ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਸੋਧੇ ਹੋਏ ਆਦੇਸ਼ ’ਚ ਇਰਾਕ ਦਾ ਨਾਂ ਹਟਾ ਕੇ 6 ਦੇਸ਼ਾਂ ਦਾ ਕਰ ਦਿੱਤਾ ਗਿਆ। ਟਰੰਪ ਨੇ ਯਾਤਰਾ ਪਾਬੰਦੀ ਦਾ ਕਾਰਨ ਰਾਸ਼ਟਰੀ ਸੁਰੱਖਿਆ ਨੂੰ ਦੱਸਿਆ ਸੀ। ਉਨ੍ਹਾਂ ਦਾ ਫੈਸਲਾ ਕਾਫੀ ਵਿਵਾਦਪੂਰਨ ਸੀ ਅਤੇ ਅਦਾਲਤ ਨੇ ਇਸ ਨੂੰ ਧਾਰਮਿਕ ਅਸਹਿਣਸ਼ੀਲਤਾ ਅਤੇ ਭੇਦਭਾਵ ਵਾਲਾ ਕਰਾਰ ਦਿੱਤਾ ਸੀ।

ਰਾਸ਼ਟਰਪਤੀ ਬਾਈਡਨ ਨੇ 2021 ਵਿੱਚ ਆਪਣੇ ਦਫ਼ਤਰ ਵਿੱਚ ਪਹਿਲੇ ਹਫ਼ਤੇ ਵਿੱਚ ਪਾਬੰਦੀ ਹਟਾ ਦਿੱਤੀ ਸੀ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ- ਰਾਸ਼ਟਰਪਤੀ ਬਾਈਡਨ ਨੂੰ ਨਫ਼ਰਤ ਫੈਲਾਉਣ ਵਾਲੇ ਗੈਰ-ਅਮਰੀਕੀ ਮੁਸਲਿਮ ਪਾਬੰਦੀ ਹਟਾਉਣ ਦੇ ਟਰੰਪ ਦੇ ਫੈਸਲੇ ’ਤੇ ਮਾਣ ਹੈ। ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ, ਟਰੰਪ ਦੇ ਸਭ ਤੋਂ ਨੇੜਲੇ ਵਿਰੋਧੀਆਂ ਵਿੱਚੋਂ ਇੱਕ ਲਾਸ ਵੇਗਾਸ ਵਿੱਚ ਮੌਜੂਦ ਸਨ। ਉਸ ਨੇ 7 ਅਕਤੂਬਰ ਦੇ ਹਮਲੇ ਨੂੰ ਯਹੂਦੀਆਂ ’ਤੇ ਸਭ ਤੋਂ ਖਤਰਨਾਕ ਹਮਲਿਆਂ ’ਚੋਂ ਇਕ ਦੱਸਿਆ।