ਓਟਵਾ : ਕੈਨੇਡਾ ਇਕ ਅਖ਼ਬਾਰ ਨੇ ਪ੍ਰਗਟਾਵਾ ਕੀਤਾ ਹੈ ਕਿ ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸੱਜਣ ਨੇ 2021 ਦੌਰਾਨ ਕਾਬੁਲ ਦੇ ਤਾਲਿਬਾਨੀ ਕਬਜ਼ੇ ਹੇਠ ਆਉਣ ਤੋਂ ਬਾਅਦ ਕੈਨੇਡੀਅਨ ਵਿਸ਼ੇਸ਼ ਬਲਾਂ ਨੂੰ ਹੁਕਮ ਦਿਤੇ ਸਨ ਕਿ ਅਫਗਾਨ ਦੇ ਸਿੱਖਾਂ ਨੂੰ ਉਥੋਂ ਬਾਹਰ ਕੱਢ ਕੇ ਬਚਾਇਆ ਜਾਵੇ।
ਕੈਨੇਡੀਅਨ ਅਖਬਾਰ ‘ਦਿ ਗਲੋਬ ਐਂਡ ਮੇਲ’ ਨੇ ਫੌਜ ਦੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਵੀਰਵਾਰ ਨੂੰ ਖਬਰ ਦਿਤੀ ਕਿ ਸੱਜਣ ਸਿੰਘ ਨੇ ਫ਼ੌਜ ਨੂੰ ਅਫਗਾਨਿਸਤਾਨ ’ਚ ਕਰੀਬ 225 ਸਿੱਖਾਂ ਦੇ ਟਿਕਾਣੇ ਬਾਰੇ ਜਾਣਕਾਰੀ ਦਿਤੀ ਸੀ। ਤਾਲਿਬਾਨ ਨੇ 15 ਅਗੱਸਤ 2021 ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ, ਜਿਸ ਨਾਲ ਅਤਿਵਾਦੀ ਅੰਦੋਲਨ ਵਿਰੁਧ ਲਗਭਗ ਦੋ ਦਹਾਕਿਆਂ ਤੋਂ ਚੱਲ ਰਹੀ ਜੰਗ ਖਤਮ ਹੋ ਗਈ ਸੀ।
ਸੂਤਰਾਂ ਅਨੁਸਾਰ, ‘‘ਅਫਗਾਨ ਸਿੱਖਾਂ ਨੂੰ ਕੈਨੇਡੀਅਨ ਫੌਜ ਲਈ ਤਰਜੀਹ ਨਹੀਂ ਮੰਨਿਆ ਗਿਆ ਸੀ ਕਿਉਂਕਿ ਉਨ੍ਹਾਂ ਦਾ ਕੈਨੇਡਾ ਨਾਲ ਕੋਈ ਸਬੰਧ ਨਹੀਂ ਹੈ। ਪਰ ਸੱਜਣ ਸਿੰਘ ਦੇ ਦਖਲ ਤੋਂ ਬਾਅਦ ਕੈਨੇਡਾ ਦੀ ਤਰਜੀਹੀ ਸੂਚੀ ਵਿਚ ਸ਼ਾਮਲ ਕੈਨੇਡੀਅਨਾਂ ਅਤੇ ਹੋਰ ਅਫਗਾਨਾਂ ਨੂੰ ਬਚਾਉਣ ’ਤੇ ਅਸਰ ਪਿਆ।’’ ਸੱਜਣ ਸਿੰਘ, ਜੋ ਇਸ ਸਮੇਂ ਜਸਟਿਨ ਟਰੂਡੋ ਕੈਬਨਿਟ ’ਚ ਐਮਰਜੈਂਸੀ ਤਿਆਰੀ ਮੰਤਰੀ ਹਨ, ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਵੀਰਵਾਰ ਨੂੰ ਮੀਡੀਆ ਨੂੰ ਦਿਤੇ ਇਕ ਬਿਆਨ ’ਚ ਇਸ ਨੂੰ ‘ਪੂਰੀ ਤਰ੍ਹਾਂ ਬੀ.ਐਸ.’ ਕਿਹਾ।
ਉਨ੍ਹਾਂ ਕਿਹਾ, ‘‘ਜੋ ਲੋਕ ਨਿਕਾਸੀ ਮਿਸ਼ਨਾਂ ਅਤੇ ਉਸ ਤੋਂ ਪਹਿਲਾਂ ਦੀਆਂ ਘਟਨਾਵਾਂ ’ਤੇ ਨਜ਼ਰ ਰੱਖ ਰਹੇ ਸਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਵੱਧ ਤੋਂ ਵੱਧ ਕਮਜ਼ੋਰ ਅਫਗਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸਰਕਾਰ ਦੀ ਮਨਜ਼ੂਰਸ਼ੁਦਾ ਨੀਤੀ ਸੀ।’’ ਮੰਤਰੀ ਨੇ ਇਸ ਨੀਤੀ ਨੂੰ ਇਕ ਅਜਿਹੀ ਨੀਤੀ ਦਸਿਆ ਜਿਸ ਵਿਚ ਸਪੱਸ਼ਟ ਤੌਰ ’ਤੇ ਪਹਿਲਾਂ ਕੈਨੇਡੀਅਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਜਿਨ੍ਹਾਂ ਨੇ ਸਾਡੇ ਦੁਭਾਸ਼ੀਏ ਵਾਂਗ ਸਾਡੇ ਨਾਲ ਕੰਮ ਕੀਤਾ ਸੀ ਅਤੇ ਇਸ ਵਿਚ ਕਮਜ਼ੋਰ ਅਫਗਾਨ ਵੀ ਸ਼ਾਮਲ ਸਨ, ਜਿਨ੍ਹਾਂ ਵਿਚ ਅਫਗਾਨ ਸਿੱਖ ਅਤੇ ਹਿੰਦੂ ਵਰਗੀਆਂ ਧਾਰਮਕ ਘੱਟ ਗਿਣਤੀਆਂ ਸ਼ਾਮਲ ਸਨ।’’
ਪਰ ਅਖਬਾਰ ਮੁਤਾਬਕ ਕੈਨੇਡੀਅਨ ਫੌਜ ਦੇ ਮੈਂਬਰ ਸੱਜਣ ਦੇ ਹੁਕਮਾਂ ਤੋਂ ਨਾਰਾਜ਼ ਸਨ, ਖ਼ਾਸਕਰ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਦੇ ਅਪਣੇ ਮਿਸ਼ਨ ਦੇ ਆਖਰੀ 24 ਘੰਟਿਆਂ ਦੌਰਾਨ। ਕੈਨੇਡੀਅਨ ਮਿਸ਼ਨ ਨੂੰ ਕਾਬੁਲ ਦੇ ਪਤਨ ਤੋਂ ਬਾਅਦ ਦੇਸ਼ ਭੇਜਿਆ ਗਿਆ ਸੀ ਅਤੇ ਇਹ 27 ਅਗੱਸਤ 2021 ਨੂੰ ਖਤਮ ਹੋਣ ਵਾਲਾ ਸੀ।
ਅਖ਼ੀਰ ਕੈਨੇਡੀਅਨ ਸਪੈਸ਼ਲ ਫੋਰਸ ਦਾ ਮਿਸ਼ਨ ਕਾਬੁਲ ਦੇ ਇਕ ਗੁਰਦੁਆਰੇ ਤੋਂ 225 ਸਿੱਖਾਂ ਨੂੰ ਬਚਾਉਣ ’ਚ ਅਸਫਲ ਰਿਹਾ ਸੀ। ਅਸਫਲ ਬਚਾਅ ਮੁਹਿੰਮ ਦੇ ਕੁੱਝ ਮਹੀਨਿਆਂ ਬਾਅਦ, ਅਫਗਾਨ ਸਿੱਖਾਂ ਨੂੰ ਆਖਰਕਾਰ ਭਾਰਤ ਲਿਜਾਇਆ ਗਿਆ ਸੀ। ਹਾਲਾਂਕਿ, ਅੰਦਾਜ਼ਨ 120 ਅਫਗਾਨ ਸਿੱਖ, ਜਿਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਸੀ, ਬਾਅਦ ’ਚ ਕੈਨੇਡਾ ਚਲੇ ਗਏ, ਜਦਕਿ ਹੋਰ 17 ਅਮਰੀਕਾ ਚਲੇ ਗਏ।
‘ਦਿ ਗਲੋਬ ਐਂਡ ਮੇਲ’ ਮੁਤਾਬਕ ਸੱਜਣ ਨੇ ਇਸ ਕਵਰੇਜ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ’ਤੇ ਇਹ ਦੋਸ਼ ਸਿਰਫ਼ ਇਸ ਕਾਰਨ ਲੱਗ ਰਿਹਾ ਹੈ ਕਿਉਂਕਿ ਉਹ ਸਿੱਖ ਹਨ। ਉਨ੍ਹਾਂ ਕਿਹਾ, ‘‘ਜੇਕਰ ਮੈਂ ਪੱਗ ਨਾ ਬੰਨ੍ਹਣਾ ਤਾਂ ਕੋਈ ਵੀ ਮੈਨੂੰ ਇਹ ਸਵਾਲ ਨਹੀਂ ਕਰਦਾ ਕਿ ਕੀ ਮੇਰੀ ਕਾਰਵਾਹੀ ਠੀਕ ਸੀ।’’
ਜਿਸ ਦਿਨ ਕਾਬੁਲ ਦਾ ਪਤਨ ਹੋਇਆ, ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਚੋਣ ਦੀ ਰਿੱਟ ਜਾਰੀ ਕੀਤੀ। ਸਿੱਖ ਕੈਨੇਡੀਅਨਾਂ ਨੂੰ ਲਿਬਰਲ ਪਾਰਟੀ (ਟਰੂਡੋ ਦੀ ਪਾਰਟੀ) ਦੇ ਵੋਟਿੰਗ ਬਲਾਕ ਦਾ ਇਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ।
ਸੱਜਣ ਦੀਆਂ ਹਦਾਇਤਾਂ ਦੀ ਖ਼ਬਰ ਨੇ ਟਰੂਡੋ ਸਰਕਾਰ ਲਈ ਇਕ ਹੋਰ ਸਿਰਦਰਦ ਪੈਦਾ ਕਰ ਦਿਤਾ ਹੈ ਅਤੇ ਵਿਰੋਧੀ ਪਾਰਟੀਆਂ ਨੇ ‘ਹਾਊਸ ਆਫ ਕਾਮਨਜ਼’ ਨੂੰ ਇਸ ’ਤੇ ਸੁਣਵਾਈ ਕਰਨ ਦੀ ਮੰਗ ਕੀਤੀ ਹੈ। ਕੈਨੇਡੀਅਨ ਸਥਾਨਕ ਮੀਡੀਆ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਨੇਤਾ ਏਰਿਨ ’ਓ ਟੂਲ ਨੇ ਵੀਰਵਾਰ ਨੂੰ ਜਾਂਚ ਦੀ ਮੰਗ ਕੀਤੀ ਹੈ। ਇਕ ਹੋਰ ਵਿਰੋਧੀ ਪਾਰਟੀ ਬਲਾਕ ਕਿਊਬੇਕੋਇਸ ਨੇ ਕਿਹਾ ਕਿ ਉਹ ਇਸ ਸਾਲ ਦੇ ਅਖੀਰ ਵਿਚ ਕਾਬੁਲ ਦੇ ਪਤਨ ਦੌਰਾਨ ਸੱਜਣ ਵਲੋਂ ਲਏ ਗਏ ਫੈਸਲਿਆਂ ’ਤੇ ਸੁਣਵਾਈ ਕਰਨ ਲਈ ਇਕ ਪ੍ਰਸਤਾਵ ਪੇਸ਼ ਕਰੇਗੀ।