ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਫਰਾਂਸੂਆ ਬੇਟਨਕਾਟ ਮਾਇਜ਼ ਨੇ ਇਕ ਹੋਰ ਉਪਲਬਧੀ ਹਾਸਲ ਕੀਤੀ ਹੈ।ਉਨ੍ਹਾਂ ਦੀ ਨੈਟਵਰਥ 100 ਅਰਬ ਡਾਲਰ ਪਹੁੰਚ ਗਈ ਹੈ।ਮਾਇਜ਼ ਇਹ ਉਪਲਬਧੀ ਹਾਸਲ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਹੈ। ਮਾਇਜ਼ ਦੁਨੀਆ ਦੀ ਸਭ ਤੋਂ ਵੱਡੀ ਕਾਸਮੈਟਿਕ ਕੰਪਨੀ ਲੋਰੀਆਲ ਦੀ ਮਾਲਕ ਹੈ।
ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਤੇ ਸਭ ਤੋਂ ਵੱਡਾ ਕਾਸਮੈਟਿਕ ਬ੍ਰਾਂਡ ਲੋਰੀਅਲ ਆਪਣੀ ਮਾਂ ਤੋਂ ਵਿਰਾਸਤ ਵਿਚ ਮਿਲਿਆ ਹੈ।ਉਨ੍ਹਾਂ ਦੀ ਮਾਂ ਨੇ ਵੀ 2017 ਵਿਚ ਆਪਣੀ ਮੌਤ ਤੱਕ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਦਾ ਖਿਤਾਬ ਆਪਣੇ ਕੋਲ ਰੱਖਿਆ ਸੀ। ਦੂਜੇ ਪਾਸੇ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਮਾਲਕ ਐਲੋਨ ਮਸਕ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਜਾਇਦਾਦ 232 ਅਰਬ ਡਾਲਰ ਹੋ ਗਈ ਹੈ।
ਰਿਪੋਰਟ ਮੁਤਾਬਕ ਲੋਰੀਅਲ ਦੀ ਸਥਾਪਨਾ ਬੇਟਨਕਾਟ ਮਾਇਜ਼ ਦੇ ਦਾਦਾ ਯੂਜੀਨ ਸ਼ੂਏਲਰ ਨੇ 1909 ਵਿਚ ਕੀਤੀ ਸੀ। ਉਨ੍ਹਾਂ ਨੇ ਹੇਅਰ ਡਾਈ ਦੀ ਖੋਜ ਕੀਤੀ ਸੀ ਤੇ ਉਸੇ ਦੀ ਮੈਨੂਫੈਕਚਰਿੰਗ ਤੇ ਮਾਰਕੀਟਿੰਗ ਨੂੰ ਧਿਆਨ ਵਿਚ ਰੱਖ ਕੇ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਪੈਰਿਸ ਸਟਾਕ ਐਕਸਚੇਂਜ ਵਿਚ ਸੂਚੀਬੱਧ ਇਸ ਕੰਪਨੀ ਦਾ ਕੁੱਲ ਵੈਲੂਏਸ਼ਨ 241 ਅਰਬ ਡਾਲਰ ਹੈ। ਲੋਰੀਆਲ ਵਿਚ ਮਾਇਜ਼ ਤੇ ਉਨ੍ਹਾਂ ਦੇ ਪਰਿਵਾਰ ਦੀ 34 ਫੀਸਦੀ ਤੋਂ ਵੱਧ ਹਿੱਸੇਦਾਰੀ ਹੈ।
ਖਾਸ ਗੱਲ ਹੈ ਕਿ ਦੁਨੀਆ ਦੇ 50 ਸਭ ਤੋਂ ਅਮੀਰ ਵਿਅਕਤੀਆਂ ਵਿਚੋਂ 12 ਦੀ ਜਾਇਦਾਦ ਵਿਚ ਕਮੀ ਆਈ ਹੈ। ਲਿਸਟ ਵਿਚ ਸਭ ਤੋਂ ਵੱਧ ਅਮੀਰ ਅਮਰੀਕਾ ਦੇ ਹਨ। ਬੇਟਨਕਾਟ ਇਸੇ ਸੂਚੀ ਵਿਚ 12ਵੇਂ ਸਥਾਨ ‘ਤੇ ਹਨ। ਮਾਇਜ਼ ਇਸ ਸੂਚੀ ਵਿਚ ਆਉਣ ਵਾਲੀ ਫਰਾਂਸ ਦੀ ਦੂਜੀ ਸਭ ਤੋਂ ਅਮੀਰ ਸ਼ਖਸ ਹੈ।
ਫਰਾਂਸ ਤੋਂ ਸਭ ਤੋਂ ਅਮੀਰ ਸ਼ਖਸ ਦਾ ਖਿਤਾਬ ਬਰਨਾਰਡ ਆਰਨਾਲਟ ਕੋਲ ਹੈ।ਉਹ ਲਗਜ਼ਰੀ ਸਾਮਾਨ ਬਣਾਉਣ ਵਾਲੀ ਕੰਪਨੀ ਐੱਲਵੀਐੱਮਐੱਚ ਦੇ ਚੇਅਰਮੈਨ ਹਨ। ਉਨ੍ਹਾਂ ਦੀ ਨੈਟਵਰਥ 179 ਅਰਬ ਡਾਲਰ ਹੈ। ਇਸ ਸਾਲ ਉਨ੍ਹਾਂ ਦੀ ਨੈਟਵਰਥ ਵਿਚ 16.9 ਅਰਬ ਡਾਲਰ ਦਾ ਵਾਧਾ ਹੋਇਆ ਹੈ।