1984 ਸਿੱਖ ਨਸਲਕੁਸ਼ੀ ਦੀ ਯਾਦ ‘ਚ ਬਰੈਂਪਟਨ ਸਿਟੀ ਦਫ਼ਤਰ ਦੇ ਝੰਡੇ 7 ਦਿਨਾਂ ਲਈ ਅੱਧੇ ਝੁਕਾਏ
ਭਾਰਤ ਵਿੱਚ 1984 ‘ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਵਾਪਰੇ ਸਿੱਖ ਨਸਲਕੁਸ਼ੀ ਕਾਂਡ ਦੀ ਦੁਖਦਾਈ ਯਾਦ ਵਿੱਚ ਬਰੈਂਪਟਨ ਸਿਟੀ ਕੌਂਸਲ ਦਫ਼ਤਰ ਦੇ ਝੰਡੇ ਇੱਕ ਹਫ਼ਤੇ ਲਈ ਅੱਧੇ ਝੁਕੇ ਰਹਿਣਗੇ। ਕੌਂਸਲ ਵੱਲੋਂ ਲਿਆ ਗਿਆ ਇਹ ਫ਼ੈਸਲਾ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਮੁਲਾਜ਼ਮਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। 1 ਨਵੰਬਰ ਤੋਂ ਅੱਧੇ ਝੁਕਾਏ ਗਏ ਇਹ ਝੰਡੇ 7 ਨਵੰਬਰ ਤੱਕ ਅੱਧੇ ਹੀ ਝੁੱਲਣਗੇ। ਕੈਨੇਡਾ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਸ਼ੋਕ ਸਭਾਵਾਂ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਵੈਨਕੂਵਰ, ਸਰੀ, ਅੱਬਟਸਫੋਰਡ, ਪਿਕਰਿੰਗ, ਕੈਲਗਰੀ, ਰੀਜਾਈਨਾ ਅਤੇ ਓਟਾਵਾ ਸ਼ਾਮਲ ਹਨ।
13 ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਓਟਾਵਾ ਵਿੱਚ ਪਾਰਲੀਮੈਂਟ ਹਿੱਲ ਕੋਲ ਸਿੱਖਾਂ ਦਾ ਇੱਕ ਵੱਡਾ ਇਕੱਠ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਟੋਰਾਂਟੋ, ਬਰੈਂਪਟਨ ਅਤੇ ਆਸ-ਪਾਸ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਉਸ ਦਿਨ ਸੰਗਤ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਆਯੋਜਕਾਂ ਵਿੱਚੋਂ ਇੱਕ, ਅਵਤਾਰ ਸਿੰਘ ਪੂਨੀਆ ਨੇ ਦੱਸਿਆ ਕਿ ਇਸ ਉਪਰਾਲੇ ਰਾਹੀਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵਾਪਰੇ ਭਿਆਨਕ ਕਤਲੇਆਮ ਦੀ ਜਾਣਕਾਰੀ ਨੂੰ ਜਿੱਥੇ ਗਲੋਬਲ ਪੱਧਰ ‘ਤੇ ਪਹੁੰਚਾਇਆ ਜਾਵੇਗਾ, ਉੱਥੇ ਹੀ ਅਮਨ ਅਤੇ ਏਕਤਾ ਦਾ ਸੁਨੇਹਾ ਵੀ ਦਿੱਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਦੁਖਾਂਤਕ ਘਟਨਾ ਮੁੜ ਨਾ ਵਾਪਰ ਸਕੇ।
