ਅਮਰੀਕਾ ਦੇ ਆਯੋਵਾ ਵਿਚ ਇਕ ਸਕੂਲ ਵਿਚ 17 ਸਾਲ ਦੇ ਬੱਚੇ ਨੇ ਫਾਇਰਿੰਗ ਕੀਤੀ। ਘਟਨਾ ਵਿਚ ਇਕ ਬੱਚੇ ਦੀ ਮੌਤ ਹੋ ਗਈ ਜਦੋਂਕਿ 5 ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਹਮਲੇ ਦਾ ਮੁਲਜ਼ਮ ਵੀ ਮ੍ਰਿਤਕ ਪਾਇਆ ਗਿਆ ਹੈ।ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਕਿ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ।

ਰਿਪੋਰਟ ਮੁਤਾਬਕ ਵੀਰਵਾਰ ਸਵੇਰੇ ਲਗਭਗ 7.30 ਵਜੇ (ਸਥਾਨਕ ਸਮੇਂ ਮੁਤਾਬਕ) ਇਹ ਘਟਨਾ ਵਾਪਰੀ। ਪਬਲਿਕ ਸੇਫਟੀ ਡਵੀਜ਼ਨ ਦੇ ਅਧਿਕਾਰੀ ਮਿਚ ਮੋਰਟਵੇਟ ਨੇ ਕਿਹਾ ਕਿ 17 ਸਾਲਾ ਵਿਦਿਆਰਥੀ ਵਲੋਂ ਕੀਤੀ ਗੋਲੀਬਾਰੀ ਵਿਚ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਸ਼ੱਕੀ ਦੀ ਪਛਾਣ ਪੇਰੀ ਹਾਈ ਸਕੂਲ ਦੇ ਵਿਦਿਆਰਥੀ ਵਜੋਂ ਹੋਈ ਹੈ। ਪੇਰੀ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਗੋਲੀ ਲੱਗੀ ਹੈ।ਇਕ ਪੀੜਤ ਦੀ ਹਾਲਤ ਗੰਭੀਰ ਹੈ ਜਦੋਂਕਿ 4 ਦੀ ਹਾਲਤ ਸਥਿਰ ਹੈ।
ਦੱਸ ਦੇਈਏ ਕਿ ਨਾਗਰਿਕਾਂ ਦੇ ਬੰਦੂਕ ਰੱਖਣ ਦੇ ਮਾਮਲੇ ਵਿਚ ਅਮਰੀਕਾ ਦੁਨੀਆ ਵਿਚ ਸਭ ਤੋਂ ਅੱਗੇ ਹੈ। ਦੁਨੀਆ ਵਿਚ ਮੌਜੂਦ ਕੁੱਲ 85.7 ਕਰੋੜ ਸਿਵੀਲੀਅਨ ਗਨ ਵਿਚੋਂ ਇਕੱਲ਼ੇ ਅਮਰੀਕਾ ਵਿਚ ਹੀ 39.3 ਕਰੋੜ ਸਿਵਲੀਅਨ ਬੰਦੂਕ ਮੌਜੂਦ ਹਨ। ਦੁਨੀਆ ਦੀ ਆਬਾਦੀ ਵਿਚ ਅਮਰੀਕਾ ਦਾ ਹਿੱਸਾ 5 ਫੀਸਦੀ ਹੈ ਪਰ ਦੁਨੀਆ ਦੀ ਕੁੱਲ ਸਿਵਲੀਅਨ ਗਨ ਵਿਚੋਂ 46 ਫੀਸਦੀ ਇਕੱਲੇ ਅਮਰੀਕਾ ਵਿਚ ਹੈ।