ਲੁਧਿਆਣਾ ਦੇ ਜਗਰਾਉਂ ਇਲਾਕੇ ‘ਚ ਧਾਰਮਿਕ ਸਥਾਨਾਂ ‘ਤੇ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿੰਡ ਗਗੜਾ ਨੇੜੇ ਗੁਰਦੁਆਰਾ ਗੋਪਾਲਸਰ ਤੋਂ ਬਾਅਦ ਹੁਣ ਰਾਜੋਆਣਾ ਕਲਾਂ ‘ਚ ਗੁਰਦੁਆਰਾ ਮੰਜੀ ਸਾਹਿਬ ‘ਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਤੜਕਸਾਰ ਕਰੀਬ 3 ਵਜੇ ਦੋ ਨਕਾਬਪੋਸ਼ ਬਦਮਾਸ਼ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋਏ ਤੇ ਬਾਬਾ ਬਲਦੇਵ ਸਿੰਘ ਦੇ ਕਮਰੇ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕੀਤੀ। ਗਨੀਮਤ ਰਹੀ ਕਿ ਵਾਰਦਾਤ ਸਮੇਂ ਬਾਬਾ ਬਲਦੇਵ ਸਿੰਘ ਕਮਰੇ ‘ਚ ਮੌਜੂਦ ਨਹੀਂ ਸਨ ਤੇ ਉਹ ਇਸ਼ਨਾਨ ਕਰਨ ਗਏ ਹੋਏ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।
ਜਾਣਕਾਰੀ ਦੇ ਮੁਤਾਬਿਕ ਸਵੇਰੇ 3 ਵਜੇ ਬਦਮਾਸ਼ ਮੰਜੀ ਸਾਹਿਬ ਪੁਰੀ ਸਾਹਿਬ ਵਿੱਚ ਦਾਖਲ ਹੋਏ ਅਤੇ ਦੋਨਾਂ ਨੇ ਆਪਣੇ ਚਿਹਰੇ ਤੇ ਕੱਪੜੇ ਨਾਲ ਢਕੇ ਹੋਏ ਸੀ ਜਿਸ ਤੋਂ ਬਾਅਦ ਉਹ ਘਟਨਾ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ।
ਇਨ੍ਹਾਂ ‘ਚੋਂ ਇੱਕ ਮੁਲਜ਼ਮ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ, ਜਿੱਥੇ ਉਸ ਨੇ ਪਹਿਲਾਂ ਮੱਥਾ ਟੇਕਿਆ ਤੇ ਨਿਸ਼ਾਨ ਸਾਹਿਬ ਦੀ ਪਰਿਕਰਮਾ ਕੀਤੀ। ਇਸ ਤੋਂ ਬਾਅਦ ਉਸ ਨੇ ਬਾਬਾ ਬਲਦੇਵ ਸਿੰਘ ਦੇ ਕਮਰੇ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀ ਚਲਾ ਦਿੱਤੀ। ਗੋਲੀ ਕਮਰੇ ਦੇ ਦਰਵਾਜ਼ੇ ਤੇ ਕੰਧ ‘ਤੇ ਲੱਗੀ। ਗੋਲੀ ਦਰਵਾਜ਼ੇ ‘ਤੇ ਲੱਗੇ ਸ਼ੀਸ਼ੇ ਨੂੰ ਪਾਰ ਕਰ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ, ਵਾਰਦਾਤ ਸਮੇਂ ਬਾਬਾ ਬਲਦੇਵ ਸਿੰਘ ਆਪਣੀ ਰੋਜ਼ਾਨਾ ਦੀ ਰੁਟੀਨ ਅਨੁਸਾਰ ਇਸ਼ਨਾਨ ਕਰਨ ਗਏ ਹੋਏ ਸਨ, ਜਿਸ ਕਾਰਨ ਉਹ ਕਮਰੇ ‘ਚ ਮੌਜੂਦ ਨਹੀਂ ਸਨ।
