ਅਮਰੀਕਾ-ਇਰਾਨ ਜੰਗ ਕਾਰਨ ਸਪਲਾਈ ਪ੍ਰਭਾਵਿਤ
ਚੰਡੀਗੜ੍ਹ: ਪੰਜਾਬ ਵਿੱਚ ਇਸ ਵਾਰ ਸਾਉਣੀ ਦੀ ਫ਼ਸਲ, ਖਾਸ ਕਰਕੇ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਖਾਦ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਅਮਰੀਕਾ-ਇਰਾਨ ਜੰਗ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਖਾਦ ਦੀ ਸਪਲਾਈ ਲਗਭਗ ਠੱਪ ਹੋ ਗਈ ਹੈ, ਜਿਸ ਦਾ ਸਿੱਧਾ ਅਸਰ ਪੰਜਾਬ ਦੇ ਖੇਤੀਬਾੜੀ ਸੈਕਟਰ ‘ਤੇ ਦਿਖਾਈ ਦੇ ਰਿਹਾ ਹੈ।
ਲੋੜ ਮੁਕਾਬਲੇ ਸਪਲਾਈ ਬਹੁਤ ਘੱਟ
‘ਦ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਸੂਬੇ ਵਿੱਚ ਸਾਉਣੀ ਦੀ ਫ਼ਸਲ ਲਈ ਕੁੱਲ 16 ਲੱਖ ਮੀਟ੍ਰਿਕ ਟਨ ਯੂਰੀਆ ਦੀ ਲੋੜ ਹੁੰਦੀ ਹੈ, ਪਰ ਮੱਧ ਮਾਰਚ ਤੱਕ ਪੰਜਾਬ ਵਿੱਚ ਸਿਰਫ਼ 4.80 ਲੱਖ ਮੀਟ੍ਰਿਕ ਟਨ ਯੂਰੀਆ ਹੀ ਪਹੁੰਚ ਸਕਿਆ ਹੈ। ਹਾਲਾਂਕਿ ਪੇਂਡੂ ਸਹਿਕਾਰੀ ਸਭਾਵਾਂ ਵਿੱਚ ਅਗਾਊਂ ਭੰਡਾਰ ਭੇਜਿਆ ਗਿਆ ਹੈ, ਪਰ ਮਾਹਰਾਂ ਅਨੁਸਾਰ ਇਹ ਮਾਤਰਾ ਲੋੜ ਨਾਲੋਂ ਕਿਤੇ ਘੱਟ ਹੈ।
ਸਹਿਕਾਰੀ ਸਭਾਵਾਂ ਦੇ ਅੰਕੜੇ
ਪੰਜਾਬ ਦੀਆਂ 3,520 ਪੇਂਡੂ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਮੁੱਖ ਤੌਰ ‘ਤੇ ਦੋ ਅਦਾਰਿਆਂ ਮਾਰਕਫੈੱਡ ਤੇ ਇਫਕੋ ਵੱਲੋਂ ਕੀਤੀ ਜਾਂਦੀ ਹੈ, ਮਾਰਕਫੈੱਡ 75% ਸਪਲਾਈ ਕਰਦਾ ਹੈ ਤੇ ਹੁਣ ਤੱਕ ਮਾਰਕਫੈੱਡ ਵੱਲੋਂ ਸਿਰਫ਼ 2 ਲੱਖ ਮੀਟ੍ਰਿਕ ਟਨ ਯੂਰੀਆ ਸਪਲਾਈ ਕੀਤਾ ਗਿਆ ਹੈ। ਇਫਕੋ ਯੂਰੀਆ ਵੱਲੋਂ 25% ਸਪਲਾਈ ਕੀਤੀ ਜਾਂਦੀ ਹੈ ਤੇ ਹੁਣ ਤੱਕ ਇਫਕੋ ਵੱਲੋਂ 1.50 ਲੱਖ ਮੀਟ੍ਰਿਕ ਟਨ ਯੂਰੀਆ ਭੇਜਿਆ ਗਿਆ ਹੈ। ਡੀ.ਏ.ਪੀ. ਦੀ ਗੱਲ ਕਰੀਏ ਤਾਂ ਸਹਿਕਾਰੀ ਸਭਾਵਾਂ ਨੂੰ ਹੁਣ ਤੱਕ ਕਰੀਬ 15 ਹਜ਼ਾਰ ਮੀਟ੍ਰਿਕ ਟਨ ਸਪਲਾਈ ਮਿਲੀ ਹੈ।
ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਜੰਗ ਦਾ ਅਸਰ
ਪੰਜਾਬ ਵਿੱਚ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਦੇ ਨਾਲ ਹੀ ਯੂਰੀਆ ਦੀ ਮੰਗ ਸਿਖਰਾਂ ‘ਤੇ ਹੋਵੇਗੀ। ‘ਦ ਟ੍ਰਿਬਿਊਨ ਨੂੰ ਪੇਂਡੂ ਸਹਿਕਾਰੀ ਸਭਾਵਾਂ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਹਾਦਰ ਸਿੰਘ ਨੇ ਦੱਸਿਆ ਕਿ ਅਗੇਤਾ ਭੰਡਾਰ ਪਿਛਲੇ ਸਾਲ ਨਾਲੋਂ ਬਿਹਤਰ ਹੋਣ ਦੇ ਬਾਵਜੂਦ ਲੋੜ ਮੁਕਾਬਲੇ 30 ਫ਼ੀਸਦ ਘੱਟ ਹੈ। ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਪਹਿਲਾਂ ਹੀ ਖਾਦ ਦੀ ਕਿੱਲਤ ਨਾਲ ਜੂਝ ਰਹੇ ਹਨ।
ਹੋਰ ਵੀ ਪੰਜਾਬ ਦੇ ਕਈ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਸਹਿਕਾਰੀ ਸਭਾਵਾਂ ਕੋਲ ਮੌਜੂਦ ਸਟਾਕ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਇਸ ਤੋਂ ਇਲਾਵਾ, ਨਿੱਜੀ ਡੀਲਰਾਂ ਵੱਲੋਂ ਯੂਰੀਆ ਦੇ ਨਾਲ ਜ਼ਬਰਦਸਤੀ ਹੋਰ ਕੀਟਨਾਸ਼ਕ ਅਤੇ ਨੈਨੋ ਯੂਰੀਆ ਵੇਚਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ।
ਖੇਤੀਬਾੜੀ ਵਿਭਾਗ ਦੀ ਕਾਰਵਾਈ
ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਖੇਤੀਬਾੜੀ ਵਿਭਾਗ ਨੇ ਆਪਣੇ ਅਧਿਕਾਰੀਆਂ ਨੂੰ ਖਾਦ ਦੀ ਵਿਕਰੀ ‘ਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਜੋ ਜਮ੍ਹਾਂਖੋਰੀ ਨੂੰ ਰੋਕਿਆ ਜਾ ਸਕੇ ਅਤੇ ਕਿਸਾਨਾਂ ਨੂੰ ਬਿਨਾਂ ਵਾਧੂ ਸ਼ਰਤਾਂ ਦੇ ਖਾਦ ਮਿਲ ਸਕੇ। ਪਰ ਜੰਗ ਕਾਰਨ ਵਿਗੜੇ ਹਾਲਾਤ ਨੇ ਪੰਜਾਬ ਦੇ ਕਿਸਾਨਾਂ ਅਤੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।
