ਬਰੈਂਪਟਨ : ਬਰੈਂਪਟਨ ਦੇ ਇਕ ਸ਼ੌਪਿੰਗ ਪਲਾਜ਼ਾ ਦੇ ਪਾਰਕਿੰਗ ਲੌਟ ਵਿਚ ਦੋ ਗੱਡੀਆਂ ਵਿਚਾਲੇ ਫਸਣ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸਾ ਸਟੀਲਜ਼ ਐਵੇਨਿਊ ਵੈਸਟ ਨੇੜੇ ਮੇਨ ਸਟ੍ਰੀਟ ਅਤੇ ਨੈਨਵੁਡ ਡਰਾਈਵ ਇਲਾਕੇ ਵਿਚ ਵਾਪਰਿਆ। ਦੂਜੇ ਪਾਸੇ ਕੈਲੇਡਨ ਦੇ ਟੌਰਬ੍ਰੈਮ ਰੋਡ ਅਤੇ ਮੇਅਫੀਲਡ ਰੋਡ ਇਲਾਕੇ ਵਿਚ ਟ੍ਰਾਂਸਪੋਰਟ ਟਰੱਕ ਅਤੇ ਗੱਡੀਆਂ ਵਿਚਾਲੇ ਭਿਆਨਕ ਟੱਕਰ ਹੋਣ ਦੀ ਰਿਪੋਰਟ ਹੈ। ਕਾਂਸਟੇਬਲ ਰਿਚਰਡ ਚਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਆ ਕਿ ਸਫੈਦ ਜੀਪ ਦਾ ਡਰਾਈਵਰ ਆਪਣੀ ਗੱਡੀ ਪਾਰਕ ਕਰਨ ਦਾ ਯਤਨ ਕਰ ਰਿਹਾ ਸੀ ਪਰ ਇਸੇ ਦੌਰਾਨ ਉਸ ਨੂੰ ਗੱਡੀ ਪਿੱਛੇ ਕਰਨੀ ਪਈ।
ਕੁਝ ਹੀ ਪਲਾਂ ਵਿਚ ਇਕ ਬਜ਼ੁਰਗ ਉਥੇ ਪਹੁੰਚ ਗਿਆ ਅਤੇ ਜਦੋਂ ਜੀਪ ਅੱਗੇ ਵਧੀ ਤਾਂ ਪਹਿਲਾਂ ਤੋਂ ਖੜ੍ਹੀ ਕਾਰ ਅਤੇ ਜੀਪ ਦਰਮਿਆਨ ਫਸਣ ਕਾਰਨ ਉਸ ਦੀ ਮੌਤ ਹੋ ਗਈ। ਬਜ਼ੁਰਗ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ। ਰਿਚਰਡ ਚਿਨ ਨੇ ਕਿਹਾ ਕਿ ਫਿਲਹਾਲ ਪੜਤਾਲ ਮੁਢਲੇ ਪੜਾਅ ਵਿਚ ਹੈਅਤੇ ਕਿਸੇ ਕਿਸਮ ਦੇ ਦੋਸ਼ ਆਇਦ ਕਰਨ ਬਾਰੇ ਕਹਿਣਾ ਮੁਸ਼ਕਲ ਹੋਵੇਗਾ। ਜੀਪ ਦੀ ਡਰਾਈਵਰ ਇਕ ਮਹਿਲਾ ਸੀ ਜੋ ਪੁਲਿਸ ਨਾਲ ਸਹਿਯੋਗ ਕਰ ਰਹੀ ਹੈ। ਫੌਰੈਂਸਿਕ ਮਾਹਰਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਪਾਰਕਿੰਗ ਲੌਟ ਨੂੰ ਕਈ ਘੰਟੇ ਬੰਦ ਰੱਖਿਆ ਗਿਆ। ਪੀਲ ਰੀਜਨਲ ਪੁਲਿਸ ਦਾ ਮੇਜਰ ਕੋਲੀਜ਼ਨ ਬਿਊਰੋ ਪੜਤਾਲ ਦੀ ਅਗਵਾਈ ਕਰ ਰਿਹਾ ਹੈ।