ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਤਾਜ਼ਾ ਅਪਡੇਟਸ ਮੁਤਾਬਕ ਵੱਡੇ-ਵੱਡੇ ਸੀਮੈਂਟ ਦੇ ਬੈਰੀਕੇਡਾਂ ਨੂੰ ਕਿਸਾਨਾਂ ਨੇ ਖਿਡੌਣਿਆਂ ਵਾਂਗ ਚੁੱਕ ਕੇ ਸੁੱਟ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਬੈਰੀਕੇਡਿੰਗ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ। ਉਥੇ ਹੀ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਕਈ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਵਿਚਾਲੇ ਕਿਸਾਨਾਂ ਵਿੱਚ ਭਗਦੜ ਮਚ ਗਈ ਤੇ ਕਿਸਾਨ ਪੰਜਾਬ-ਹਰਿਆਣਾ ਦੇ ਬਾਰਡਰ ‘ਤੇ ਖੇਤਾਂ ਵਿੱਚ ਵੜ ਗਏ। ਉਨ੍ਹਾਂ ਨੇ ਪੁਲਿਸ ‘ਤੇ ਪੱਥਰਬਾਜ਼ੀ ਵੀ ਕੀਤੀ। ਕਈ ਟਰੈਕਟਰ ਡਰਾਈਵਰਾਂ ਨੇ ਮਾਸਕ ਪਾ ਲਏ, ਤਾਂਜੋ ਉਨ੍ਹਾਂ ‘ਤੇ ਅੱਥਰੂ ਗੈਸ ਦਾ ਕੋਈ ਅਸਰ ਨਾ ਹੋਵੇ।

ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਫਲਾਈਵਰ ਦੇ ਸੇਫਟੀ ਬੈਰੀਅਰ ਨੂੰ ਤੋੜ ਦਿੱਤਾ। ਉਨ੍ਹਾਂ ਪੁਲਿਸ ਵੱਲੋਂ ਲਾਏ ਲੋਹੇ ਦੇ ਬੈਰੀਕੇਡਾਂ ਨੂੰ ਚੁੱਕ ਕੇ ਫਲਾਈਓਵਰ ਤੋਂ ਹੇਠਾਂ ਸੁੱਟ ਦਿੱਤਾ। ਇਸ ਮਗਰੋਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਨਾਲ ਹੀ ਕਿਸਾਨਾਂ ਨੂੰ ਉਥੋਂ ਹਟਾਉਣ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਦੱਸ ਦੇਈਏ ਕਿ ਵੱਡੀ ਗਿਣਤੀ ਵਿ4ਚ ਕਿਸਾਨ ਨੇ ਆਪਣੀਆਂ ਟਰੈਕਟਰ ਟਰਾਲੀਆਂ ਸਮੇਤ ਫਤਿਹਗੜ੍ਹ ਸਾਹਿਬ ਤੋਂ ਸਵੇਰੇ 10 ਵਜੇ ਮਾਰਚ ਸ਼ੁਰੂ ਕੀਤਾ ਅਤੇ ਸ਼ੰਭੂ ਸਰਹੱਦ ਰਾਹੀਂ ਦਿੱਲੀ ਵੱਲ ਕੂਚ ਕੀਤਾ। ਫਤਿਹਗੜ੍ਹ ਸਾਹਿਬ ਅਤੇ ਸ਼ੰਭੂ ਸਰਹੱਦ ਵਿਚਕਾਰ ਦੂਰੀ ਲਗਭਗ 35-40 ਕਿਲੋਮੀਟਰ ਹੈ। ਕਿਸਾਨ ਬਾਲਣ, ਰਾਸ਼ਨ, ਭਾਂਡਿਆਂ, ਅਸਥਾਈ ਬਾਥਰੂਮਾਂ ਅਤੇ ਇੱਥੋਂ ਤੱਕ ਕਿ ਪੱਖੇ-ਕੂਲਰ ਨੂੰ ਟਰੈਕਟਰਾਂ ‘ਤੇ ਲੱਦ ਕੇ ਪੂਰੀ ਤਿਆਰੀ ਨਾਲ ਦਿੱਲੀ ਮਾਰਚ ਲਈ ਨਿਕਲੇ ਹਨ।