ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈਆਂ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਖਤ ਐਕਸ਼ਨ ਲੈਂਦੇ ਹੋਏ ਬਾਘਾਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਰਾਜਾ ਵੜਿੰਗ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਕੇ ਬਾਘਾਪੁਰਾਣਾ ਦੇ ਸਾਬਕਾ ਵਿਧਾਇਕ ਸ. ਦਰਸ਼ਨ ਸਿੰਘ ਬਰਾੜ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਪਹਿਲਾਂ ਦਰਸ਼ਨ ਬਰਾੜ ਦੇ ਪੁੱਤਰ ਖਿਲਾਫ਼ ਵੀ ਐਕਸ਼ਨ ਲਿਆ ਗਿਆ ਸੀ। ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਲੁਧਿਆਣਾ ਤੋਂ ਰਾਜਾ ਵੜਿੰਗ ਦੇ ਖਿਲਾਫ਼ ਚੋਣ ਲੜੀ ਸੀ।
ਦਰਸ਼ਨ ਸਿੰਘ ਬਰਾੜ ਨੇ 1992 ਵਿੱਚ ਜਗਰਾਉਂ ਤੋਂ ਪਹਿਲੀ ਵਾਰ ਚੋਣ ਲੜੀ ਅਤੇ ਭਾਜਪਾ ਦੇ ਅਯੋਧਿਆ ਪ੍ਰਕਾਸ਼ ਨੂੰ 5541 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ, ਜਿਸ ਤੋਂ ਬਾਅਦ ਦਰਸ਼ਨ ਸਿੰਘ ਬਰਾੜ ਨੇ ਕਾਂਗਰਸ ਪਾਰਟੀ ਵਿੱਚ ਕਾਫੀ ਪ੍ਰਭਾਵ ਪਾਇਆ। ਉਸ ਤੋਂ ਬਾਅਦ 1997 ‘ਚ ਦਰਸ਼ਨ ਬਰਾੜ ਨੇ ਚੋਣ ਲੜੀ ਪਰ ਉਹ ਅਕਾਲੀ ਦਲ ਤੋਂ ਚੋਣ ਹਾਰ ਗਏ, ਜਿਸ ਤੋਂ ਬਾਅਦ ਕਾਂਗਰਸ ਨੇ 2002 ‘ਚ ਦਰਸ਼ਨ ਸਿੰਘ ਬਰਾੜ ਨੂੰ ਝਟਕਾ ਦਿੰਦਿਆਂ ਉਨ੍ਹਾਂ ਦੀ ਟਿਕਟ ਕੱਟ ਦਿੱਤੀ, ਜਦੋਂ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਆਜ਼ਾਦ ਚੋਣ ਲੜੀ ਦਰਸ਼ਨ ਬਰਾੜ ਨੂੰ ਪਾਰਟੀ ‘ਚੋਂ ਕੱਢ ਦਿੱਤਾ।
ਪਰ ਇਸ ਦੌਰਾਨ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਹੋਣ ਦੇ ਬਾਵਜੂਦ 30595 ਵੋਟਾਂ ਹਾਸਲ ਕਰਕੇ ਕਾਂਗਰਸ ਪਾਰਟੀ ਦੀ ਜ਼ਮਾਨਤ ਜ਼ਬਤ ਕਰਵਾ ਦਿੱਤੀ, ਹਾਲਾਂਕਿ ਉਹ ਖ਼ੁਦ ਅਕਾਲੀ ਦਲ ਤੋਂ ਸਿਰਫ਼ 1557 ਵੋਟਾਂ ਨਾਲ ਹਾਰ ਗਏ ਸਨ। ਆਜ਼ਾਦ ਤੌਰ ‘ਤੇ ਇੰਨੀਆਂ ਵੋਟਾਂ ਹਾਸਲ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ‘ਚ ਵਾਪਸ ਲੈਣ ਲਈ ਮਜ਼ਬੂਰ ਕੀਤਾ, ਜਿਸ ਤੋਂ ਬਾਅਦ 2007 ‘ਚ ਉਹ ਜਗਰਾਓਂ ਛੱਡ ਕੇ ਬਾਘਾਪੁਰਾਣਾ ਤੋਂ ਚੋਣ ਲੜੇ।
ਇਸ ਦੇ ਬਾਵਜੂਦ ਉਨ੍ਹਾਂ ਨੇ ਜਗਰਾਓਂ ਵਿਚ ਆਪਣਾ ਦਬਦਬਾ ਕਾਇਮ ਰੱਖਿਆ। ਉਹ ਜਗਰਾਉਂ ਵਿੱਚ ਆਪਣੇ ਹਰ ਇੱਕ ਵਰਕਰ ਦੇ ਸੁੱਖ-ਦੁਖ ਵਿਚ ਕੰਮ ਆਉਂਦੇ ਰਹੇ, ਜਿਸ ਦਾ ਫਾਇਦਾ ਹੁਣ ਲੋਕ ਸਭਾ ਚੋਣਾਂ ਵਿੱਚ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੂੰ ਮਿਲਿਆ। ਬਰਾੜ ਨੂੰ ਲੋਕ ਸਭਾ ਚੋਣਾਂ ਵਿੱਚ ਕਰੀਬ 42211 ਵੋਟਾਂ ਮਿਲੀਆਂ ਸਨ।