ਮਾਨਸਾ ਵਿਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਗਾਇਕ ਰਣਜੀਤ ਬਾਵਾ ਤੇ ਝੋਟਾ ਦਾ ਪਿਤਾ ਭੀਮ ਸਿੰਘ ਦੇ ਵਿਚ ਗੱਲਬਾਤ ਹੋਈ। ਧਰਨੇ ‘ਚ ਪਹੁੰਚੇ ਗਾਇਕ ਰਣਜੀਤ ਬਾਵਾ ਨੇ ਕਿਹਾ ਕਿ ਇਨ੍ਹਾਂ ਵੱਡਾ ਜਿਗਰਾ ਤੇ ਜਜ਼ਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਤੋਂ ਬਿਨ੍ਹਾਂ ਨਹੀਂ ਹੋ ਸਕਦਾ। ਜਵਾਨ ਪੁੱਤ ਦੇ ਜਾਣ ਮਗਰੋਂ ਜਿਹੜਾ ਭਾਰ ਪਿਓ ਦੇ ਮੋਢਿਆਂ ‘ਤੇ ਪੈਂਦਾ ਉਸ ਤੋਂ ਵੱਡਾ ਭਾਰ ਦੁਨੀਆ ‘ਤੇ ਕੋਈ ਨਹੀਂ ਬਣਿਆ।
ਬਾਵਾ ਨੇ ਨੌਜਵਾਨਾਂ ਨੂੰ ਨਸ਼ਾ ਛੱਡਣ ਤੇ ਇਸ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਇਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਪਿੰਡਾਂ ਵਿਚ ਕਮੇਟੀਆਂ ਬਣਾ ਕੇ ਨਸ਼ਾ ਵੇਚਣ ਵਾਲਿਆੰ ਖਿਲਾਫ ਸਮੂਹਿਕ ਤੌਰ ਤੋਂ ਆਵਾਜ਼ ਚੁੱਕਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਇਕੱਲਿਆਂ ਲੜਾਈ ਨਹੀਂ ਲੜੀ ਜਾ ਸਕਦੀ ਜਿਸ ਕਾਰਨ ਸਭ ਤੋਂ ਇਕੱਠਿਆਂ ਹੋਣਾ ਪਵੇਗਾ।
ਦੱਸ ਦੇਈਏ ਕਿ ਮੈਡੀਕਲ ਸਟੋਰ ‘ਤੇ ਨਸ਼ਾ ਵੇਚਣ ਦਾ ਵਿਰੋਧ ਕਰਨ ‘ਤੇ 13 ਅਕਤੂਬਰ ਨੂੰ ਗੋਲੀ ਮਾਰ ਕੇ ਝੋਟੇ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਤੋਂ ਪਰਿਵਾਰ ਧਰਨੇ ‘ਤੇ ਬੈਠਾ ਹੈ ਜਿਸ ਦਾ ਅੱਜ 7ਵਾਂ ਦਿਨ ਹੈ। ਅਜੇ ਤੱਕ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਪਰਿਵਾਰ ਮਾਮਲੇ ਦੀ ਸੀਬੀਆਈ ਜਾਂਚ ਸਣੇ ਕਈ ਮੰਗਾਂ ਨੂੰ ਪੂਰਾ ਕਰਨ ‘ਤੇ ਅੜਿਆ ਹੋਇਆ ਹੈ।
