ਚੰਡੀਗੜ੍ਹ: ਪੰਜਾਬ ਵਿੱਚ ਸਿੱਖਾਂ ਦੀ ਘਟਦੀ ਆਬਾਦੀ ਨੂੰ ਲੈ ਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ. ਜਗਮੋਹਨ ਸਿੰਘ ਰਾਜੂ (ਸੇਵਾਮੁਕਤ IAS) ਨੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਇਸ ਗੰਭੀਰ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ। ਡਾ. ਰਾਜੂ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਹਰ ਸਿੱਖ ਪਰਿਵਾਰ ਨੂੰ ਘੱਟੋ-ਘੱਟ 4 ਬੱਚੇ ਪੈਦਾ ਕਰਨੇ ਚਾਹੀਦੇ ਹਨ ਅਤੇ ਇਸ ਲਈ ਸਰਕਾਰ ਵੱਲੋਂ ਪਰਿਵਾਰਾਂ ਨੂੰ ਆਰਥਿਕ ਹੱਲਾਸ਼ੇਰੀ (ਇਨਾਮ) ਦਿੱਤੀ ਜਾਣੀ ਚਾਹੀਦੀ ਹੈ।

NFHS ਦੇ ਅੰਕੜਿਆਂ ਦਾ ਦਿੱਤਾ ਹਵਾਲਾ

ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਭਾਜਪਾ ਆਗੂ ਡਾ. ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਸਿੱਖ ਭਾਰਤ ਵਿੱਚ ਇੱਕ ਘੱਟ ਗਿਣਤੀ (Minority) ਭਾਈਚਾਰਾ ਹੈ। ਉਨ੍ਹਾਂ ਨੇ NFHS (ਨੈਸ਼ਨਲ ਫੈਮਿਲੀ ਹੈਲਥ ਸਰਵੇ) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੇਸ਼ ਦੇ ਪ੍ਰਮੁੱਖ ਭਾਈਚਾਰਿਆਂ ਵਿੱਚੋਂ ਸਭ ਤੋਂ ਘੱਟ ਜਨਮ ਦਰ ਸਿੱਖਾਂ ਵਿੱਚ ਦਰਜ ਕੀਤੀ ਗਈ ਹੈ, ਜਿਸ ਕਾਰਨ ਸਿੱਖ ਆਬਾਦੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

1991 ਤੋਂ 2011 ਦਰਮਿਆਨ ਘਟੀ ਆਬਾਦੀ

ਡਾ. ਜਗਮੋਹਨ ਸਿੰਘ ਰਾਜੂ ਨੇ ਜਨਗਣਨਾ ਦੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਸਿੱਖ ਆਬਾਦੀ ਦਾ ਪ੍ਰਤੀਸ਼ਤ ਜੋ ਸਾਲ 1991 ਵਿੱਚ 62.95 ਫੀਸਦੀ ਸੀ, ਉਹ 2011 ਦੀ ਜਨਗਣਨਾ ਵਿੱਚ ਘਟ ਕੇ 57.69 ਫੀਸਦੀ ਰਹਿ ਗਿਆ। ਉਨ੍ਹਾਂ ਨੇ ਇਸ ਨੂੰ ਸਿੱਖ ਭਾਈਚਾਰੇ ਦੇ ਸਮਾਜਿਕ ਅਤੇ ਸੱਭਿਆਚਾਰਕ ਭਵਿੱਖ ਲਈ ਇੱਕ ਬੇਹੱਦ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਦੱਸਿਆ।

ਆਂਧਰਾ ਪ੍ਰਦੇਸ਼ ਦੀ ਤਰਜ਼ ‘ਤੇ ਆਰਥਿਕ ਮਦਦ ਦੇਣ ਦੀ ਮੰਗ

ਸਿੱਖ ਆਬਾਦੀ ਵਿੱਚ ਹੋ ਰਹੀ ਗਿਰਾਵਟ ਨੂੰ ਰੋਕਣ ਲਈ ਡਾ. ਜਗਮੋਹਨ ਸਿੰਘ ਰਾਜੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਆਂਧਰਾ ਪ੍ਰਦੇਸ਼ ਸਰਕਾਰ ਦੇ ਮਾਡਲ ਦੀ ਤਰਜ਼ ‘ਤੇ ਪੰਜਾਬ ਸਰਕਾਰ ਵੀ ਵਿਸ਼ੇਸ਼ ਯੋਜਨਾ ਲਾਗੂ ਕਰੇ। ਉਨ੍ਹਾਂ ਸੁਝਾਅ ਦਿੱਤਾ ਕਿ ਤੀਜੇ ਬੱਚੇ ਦੇ ਜਨਮ ‘ਤੇ 30 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇ। ਚੌਥੇ ਬੱਚੇ ਦੇ ਜਨਮ ‘ਤੇ 40 ਹਜ਼ਾਰ ਰੁਪਏ ਦਾ ਆਰਥਿਕ ਇਨਾਮ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਆਰਥਿਕ ਸਹਾਇਤਾ ਨਾਲ ਨੌਜਵਾਨ ਪਰਿਵਾਰਾਂ ਨੂੰ ਹੌਸਲਾ ਮਿਲੇਗਾ ਅਤੇ ਆਬਾਦੀ ਦੇ ਸੰਤੁਲਨ ਨੂੰ ਬਣਾਏ ਰੱਖਣ ਵਿੱਚ ਮਦਦ ਮਿਲੇਗੀ। ਦੇਸ਼ ਦੀ ਆਜ਼ਾਦੀ, ਰੱਖਿਆ, ਖੇਤੀਬਾੜੀ ਅਤੇ ਰਾਸ਼ਟਰੀ ਵਿਕਾਸ ਵਿੱਚ ਸਿੱਖਾਂ ਦੇ ਵੱਡੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਭਾਈਚਾਰੇ ਦੀ ਸਮਾਜਿਕ ਅਤੇ ਜਨਸੰਖਿਆ ਦੀ ਮਜ਼ਬੂਤੀ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੀ ਕਰ ਚੁੱਕੇ ਹਨ ਅਪੀਲ

ਇੱਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸਿੱਖ ਪਰਿਵਾਰਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਸੀ, “ਸਿਰਫ਼ ਇੱਕ ਬੱਚਾ ਹੋਣਾ ਸਮਝਦਾਰੀ ਨਹੀਂ ਹੈ। ਜੇਕਰ ਪਰਿਵਾਰ ਵਿੱਚ 3-4 ਬੱਚੇ ਹੋਣਗੇ, ਤਾਂ ਹੀ ਰਿਸ਼ਤਿਆਂ ਵਿੱਚ ਚਾਚਾ-ਤਾਇਆ ਅਤੇ ਭੂਆ-ਮਾਸੀ ਵਰਗੇ ਨਿੱਘੇ ਸਬੰਧ ਜਿਉਂਦੇ ਰਹਿਣਗੇ।”