ਮੁਹਾਲੀ: ਮੁਹਾਲੀ ਦੇ ਖਰੜ ਸਥਿਤ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ IT ਸੈਕਟਰ ਨਾਲ ਜੁੜੇ ਇੱਕ ਵਿਅਕਤੀ ਦੇ ਘਰ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਦੇ ਪਹੁੰਚਦੇ ਹੀ ਕਿਸੇ ਨੇ ਰਿਹਾਇਸ਼ੀ ਟਾਵਰ ਦੀ 9ਵੀਂ ਮੰਜ਼ਿਲ ਤੋਂ ਕੈਸ਼ ਨਾਲ ਭਰਿਆ ਬੈਗ ਹੇਠਾਂ ਸੁੱਟ ਦਿੱਤਾ।
ਬੈਗ ਜ਼ਮੀਨ ‘ਤੇ ਡਿੱਗਦੇ ਹੀ ਫਟ ਗਿਆ ਅਤੇ ਉਸ ਵਿੱਚੋਂ ਨੋਟ ਬਾਹਰ ਖਿਲਰ ਗਏ। ਥੱਲੇ ਪਹਿਲਾਂ ਤੋਂ ਇੱਕ ਵਿਅਕਤੀ ਗੱਡੀ ਸਮੇਤ ਖੜ੍ਹਾ ਸੀ, ਜਿਸ ਨੇ ਮੌਕਾ ਵੇਖਦੇ ਹੀ ਬੈਗ ਚੁੱਕਿਆ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਮੌਕੇ ‘ਤੇ ਮੌਜੂਦ ਟੀਮ ਨੇ ਉਸਦਾ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ। ਬੈਗ ਵਿੱਚੋਂ ਕਰੀਬ 21 ਲੱਖ ਰੁਪਏ ਨਕਦ ਬਰਾਮਦ ਹੋਏ ਹਨ।
ਜਾਣਕਾਰੀ ਅਨੁਸਾਰ ਬੈਗ ਵਿੱਚ 500-500 ਰੁਪਏ ਦੇ ਨੋਟਾਂ ਦੀਆਂ ਗੱਡੀਆਂ ਸਨ। ਇਹ ਰਕਮ ਪਹਿਲਾਂ ਲਾਲ ਰੰਗ ਦੇ ਬੈਗ ਵਿੱਚ ਰੱਖੀ ਗਈ ਸੀ ਅਤੇ ਫਿਰ ਉਸਨੂੰ ਸਫੈਦ ਬੈਗ ਵਿੱਚ ਪਾ ਕੇ ਹੇਠਾਂ ਸੁੱਟਿਆ ਗਿਆ। ਹਾਲਾਂਕਿ, ਬੈਗ ਡਿੱਗਦੇ ਹੀ ਫਟ ਗਿਆ ਅਤੇ ਨੋਟ ਜ਼ਮੀਨ ‘ਤੇ ਫੈਲ ਗਏ।
ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀ ਇਸ ਬਾਰੇ ਫਿਲਹਾਲ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਜਿਸ ਟਾਵਰ ਵਿੱਚ ਰੇਡ ਚੱਲ ਰਹੀ ਹੈ, ਉੱਥੇ ਪੁਲਿਸ ਨੇ ਲੋਕਾਂ ਦੀ ਐਂਟਰੀ ਰੋਕ ਦਿੱਤੀ ਹੈ। ਕੇਂਦਰੀ ਏਜੰਸੀ ਦੇ ਜਵਾਨ ਵੀ ਮੌਕੇ ‘ਤੇ ਤਾਇਨਾਤ ਹਨ।
ਸੂਤਰਾਂ ਮੁਤਾਬਕ ED ਦੀ ਕਾਰਵਾਈ ਬਾਰੇ ਸਬੰਧਤ ਵਿਅਕਤੀ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ। ਇਸ ਕਰਕੇ ਉਸਨੇ ਨੌਵੀਂ ਮੰਜ਼ਿਲ ਵਾਲੇ ਫਲੈਟ ਤੋਂ ਬੈਗ ਹੇਠਾਂ ਸੁੱਟਿਆ। ਥੱਲੇ ਉਸਦਾ ਡਰਾਈਵਰ ਪਹਿਲਾਂ ਤੋਂ ਖੜ੍ਹਾ ਸੀ, ਜੋ ਬੈਗ ਲੈ ਕੇ ਸਫੈਦ ਰੰਗ ਦੀ ਕਾਰ ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਫੜ ਲਿਆ।
ਇਸ ਘਟਨਾ ਤੋਂ ਬਾਅਦ ਸੋਸਾਇਟੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਇਲਾਕੇ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਣ ‘ਤੇ ਖਰੜ ਦੇ DSP ਈਸ਼ਾਂਤ ਸਿੰਗਲਾ ਦੇ ਹੁਕਮਾਂ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ। ਖਰੜ ਸਿਟੀ ਥਾਣੇ ਦੇ SHO ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ।
ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕਾਰਵਾਈ ਸੋਸਾਇਟੀ ਦੇ ਫਲੈਟ ਨੰਬਰ 906 ਵਿੱਚ ਕੀਤੀ ਗਈ। ਇੱਥੇ ਰਹਿਣ ਵਾਲੇ ਵਿਅਕਤੀ ਦੀ ਪਹਿਚਾਣ ਨਿਤਿਨ ਕੁਮਾਰ ਗੋਹਿਲ ਵਜੋਂ ਹੋਈ ਹੈ, ਜੋ IT ਸੈਕਟਰ ਵਿੱਚ ਕੰਮ ਕਰਦਾ ਦੱਸਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਨਿਤਿਨ ਕੁਮਾਰ ਗੋਹਿਲ ਦੇ ਕੁਝ ਰਾਜਨੀਤਿਕ ਸੰਪਰਕ ਹੋਣ ਦੀ ਵੀ ਚਰਚਾ ਹੈ, ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਸੋਸਾਇਟੀ ਦੇ ਲੋਕਾਂ ਨੇ ਦੱਸਿਆ ਕਿ ਉਹ ਕਰੀਬ ਚਾਰ ਮਹੀਨੇ ਪਹਿਲਾਂ ਹੀ ਇੱਥੇ ਰਹਿਣ ਆਇਆ ਸੀ, ਇਸ ਲਈ ਲੋਕਾਂ ਨੂੰ ਉਸ ਬਾਰੇ ਵੱਧ ਜਾਣਕਾਰੀ ਨਹੀਂ ਹੈ।
