ਜਾਪਾਨ ‘ਚ ਸੋਮਵਾਰ ਨੂੰ ਆਏ ਭੂਚਾਲ ਕਾਰਨ ਹੁਣ ਤਕ 30 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਜਾਪਾਨ ‘ਚ ਸੋਮਵਾਰ ਨੂੰ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਅਤੇ ਲੋਕਾਂ ਨੂੰ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਲਈ ਕਿਹਾ ਹੈ। ਹਾਲਾਂਕਿ, ਇਸ ਚਿਤਾਵਨੀ ਨੂੰ ਮੰਗਲਵਾਰ ਸਵੇਰੇ ਐਡਵਾਈਜ਼ਰੀ ਵਿਚ ਬਦਲ ਦਿਤਾ ਗਿਆ ਹੈ। ਜਾਪਾਨ ਵਿਚ ਇਕ ਦਿਨ ਵਿਚ 155 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਜੀਮਾ ਵਿਚ ਹੁਣ ਤਕ 16 ਅਤੇ ਸੁਜ਼ੂ ਵਿਚ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਭੂਚਾਲ ਤੋਂ ਬਾਅਦ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ 1000 ਤੋਂ ਵੱਧ ਬਚਾਅ ਕਰਮਚਾਰੀ ਇਸ ਕੰਮ ‘ਚ ਲੱਗੇ ਹੋਏ ਹਨ।
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ ਹੈ ਕਿ ਉਹ ਭੂਚਾਲ ਤੋਂ ਪ੍ਰਭਾਵਤ ਲੋਕਾਂ ਨੂੰ ਭਰੋਸਾ ਦਿੰਦੇ ਹਨ ਕਿ ਉਨ੍ਹਾਂ ਤਕ ਜਲਦੀ ਹੀ ਮਦਦ ਪਹੁੰਚ ਜਾਵੇਗੀ। ਉਨ੍ਹਾਂ ਕਿਹਾ, “ਸਵੈ-ਰੱਖਿਆ ਬਲਾਂ ਨੂੰ ਭੂਚਾਲ ਪ੍ਰਭਾਵਿਤ ਖੇਤਰਾਂ ਤਕ ਪਹੁੰਚਣ ਵਿਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੜਕਾਂ ਟੁੱਟੀਆਂ ਹੋਈਆਂ ਹਨ। ਇਮਾਰਤਾਂ ਵਿਚ ਫਸੇ ਲੋਕਾਂ ਨੂੰ ਜਲਦੀ ਤੋਂ ਜਲਦੀ ਬਚਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਮਾਰਤ ਡਿੱਗਣ ਤੋਂ ਪਹਿਲਾਂ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕੇ।