ਗੁਜਰਾਤ: ਅੰਕਲੇਸ਼ਵਰ GIDC ‘ਚੋਂ ਇੱਕ ਵਾਰ ਫਿਰ ਤੋਂ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਸੂਰਤ ਅਤੇ ਭਰੂਚ ਪੁਲਿਸ ਨੇ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਸੋਮਵਾਰ ਦੇਰ ਰਾਤ ਅੰਕਲੇਸ਼ਵਰ ਵਿੱਚ ਅਵਤਾਰ ਇੰਟਰਪ੍ਰਾਈਜਿਜ਼ ਨਾਮ ਦੀ ਇੱਕ ਫੈਕਟਰੀ ਵਿੱਚ ਛਾਪਾ ਮਾਰਿਆ ਅਤੇ 250 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਇਸ ਮਾਮਲੇ ਵਿੱਚ ਪੁਲੀਸ ਨੇ ਫੈਕਟਰੀ ਪ੍ਰਬੰਧਕ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਰਣਨਯੋਗ ਹੈ ਕਿ 7 ਦਿਨ ਪਹਿਲਾਂ ਵੀ ਇਸੇ ਫੈਕਟਰੀ ਨੇੜੇ ਇਕ ਹੋਰ ਫੈਕਟਰੀ ਵਿਚੋਂ 5000 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਫੜੀਆਂ ਗਈਆਂ ਸਨ।

ਹਾਲ ਹੀ ‘ਚ ਸੂਰਤ ਕ੍ਰਾਈਮ ਬ੍ਰਾਂਚ ਨੇ 2 ਕਰੋੜ ਰੁਪਏ ਦੇ 2100 ਗ੍ਰਾਮ ਐੱਮਡੀ ਡਰੱਗਜ਼ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਤਿੰਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਇਹ ਨਸ਼ੀਲੇ ਪਦਾਰਥ ਉਨ੍ਹਾਂ ਨੂੰ ਅੰਕਲੇਸ਼ਵਰ ਦੇ ਅਵਤਾਰ ਇੰਟਰਪ੍ਰਾਈਜ਼ ਤੋਂ ਡਿਲੀਵਰ ਕੀਤੇ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਭਰੂਚ ਪੁਲਿਸ ਨਾਲ ਮਿਲ ਕੇ ਫੈਕਟਰੀ ‘ਤੇ ਛਾਪਾ ਮਾਰਿਆ। ਫਿਲਹਾਲ ਕੰਪਨੀ ਦਾ ਮਾਲਕ ਵਿਦੇਸ਼ ਰਹਿੰਦਾ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੰਪਨੀ ਵਿੱਚ ਕੈਮੀਕਲ ਤਿਆਰ ਕੀਤੇ ਜਾਂਦੇ ਹਨ ਅਤੇ ਇਸ ਦੀ ਆੜ ਵਿੱਚ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਭਰੂਚ ਪੁਲਿਸ ਨੇ ਇਸ ਫੈਕਟਰੀ ਦੇ ਨੇੜੇ ਸਥਿਤ ਅਵਕਾਰ ਨਾਮਕ ਕੈਮੀਕਲ ਫੈਕਟਰੀ ਤੋਂ 5 ਹਜ਼ਾਰ ਕਰੋੜ ਰੁਪਏ ਦੀ 518 ਕਿਲੋ ਕੋਕੀਨ ਜ਼ਬਤ ਕੀਤੀ ਸੀ। ਇਸ ਮਾਮਲੇ ਵਿੱਚ ਕੰਪਨੀ ਦੇ 3 ਸੰਚਾਲਕਾਂ ਅਸ਼ਵਿਨ ਰਮਾਨੀ, ਬ੍ਰਿਜੇਸ਼ ਕੋਠੀਆ, ਵਿਜੇ ਭਸਾਨੀਆ ਅਤੇ 2 ਕੈਮਿਸਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੂਬੇ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਇਸ ਮਾਮਲੇ ‘ਚ ਕਿਹਾ ਕਿ ਗੁਜਰਾਤ ਅਤੇ ਸੂਰਤ ਪੁਲਿਸ ਨਸ਼ਿਆਂ ਵਿਰੁੱਧ ਮੁਹਿੰਮ ਨਹੀਂ ਸਗੋਂ ਜੰਗ ਲੜ ਰਹੀ ਹੈ। ਇਸ ਲੜਾਈ ਨੂੰ ਅੱਗੇ ਵਧਾਉਂਦੇ ਹੋਏ ਸੂਰਤ ਪੁਲਿਸ ਦੀ ਅਪਰਾਧ ਸ਼ਾਖਾ ਨੇ ਨਸ਼ੀਲੇ ਪਦਾਰਥਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੂਰਤ ਪੁਲਿਸ ਨੇ ਇਸ ਆਪਰੇਸ਼ਨ ਨੂੰ ਬੜੀ ਸਫਲਤਾ ਨਾਲ ਅੰਜਾਮ ਦਿੱਤਾ ਹੈ।