ਸਮੱਗਲਿੰਗ ’ਚ ਈ-ਕਾਮਰਸ ਤੇ ਕ੍ਰਿਪਟੋ ਕਰੰਸੀ ਵੱਡੀ ਚੁਣੌਤੀ
ਜਲੰਧਰ : ਡਰੱਗ ਸਮੱਗਲਿੰਗ ‘ਚ ਈ-ਕਾਮਰਸ ਅਤੇ ਕ੍ਰਿਪਟੋ ਕਰੰਸੀ ਦੀ ਵਰਤੋਂ ਦੁਨੀਆ ਭਰ ਦੇ ਦੇਸ਼ਾਂ ਲਈ ਵੱਡੀ ਚੁਣੌਤੀ ਬਣ ਰਹੀ ਹੈ। ਗਲੋਬਲ ਪੱਧਰ ’ਤੇ ਨਸ਼ੀਲੇ ਪਦਾਰਥਾਂ ਦਾ ਵਪਾਰ ਲਗਭਗ 650 ਅਰਬ ਡਾਲਰ ਤੱਕ ਪਹੁੰਚ ਗਿਆ ਹੈ ਅਤੇ ਅੰਤਰਰਾਸ਼ਟਰੀ ਕਸਟਮ ਅਧਿਕਾਰੀਆਂ ਨੂੰ ਹੁਣ ਤਕਨਾਲੋਜੀ ਦੀ ਘਾਟ ਕਾਰਨ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਵਿੱਚ ਆਯੋਜਿਤ ਇਕ ਅੰਤਰਰਾਸ਼ਟਰੀ ਸੈਮੀਨਾਰ ‘ਚ ਦੁਨੀਆ ਭਰ ਤੋਂ ਆਏ ਉੱਚ ਅਧਿਕਾਰੀਆਂ ਨੇ ਇਕ-ਦੂਜੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ।
ਸੈਮੀਨਾਰ ‘ਚ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਦੇ ਚੇਅਰਮੈਨ ਸੰਜੇ ਕੁਮਾਰ ਅਗਰਵਾਲ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਵਪਾਰ ਗੈਰ-ਕਾਨੂੰਨੀ ਅਰਥਵਿਵਸਥਾ ਦਾ 30 ਫ਼ੀਸਦੀ ਹੈ। ਇਸ ਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਕਾਰੋਬਾਰ ਨਾਲ ਸਬੰਧਤ ਅਪਰਾਧ ਕਈ ਵਾਰ ਮਨੀ ਲਾਂਡਰਿੰਗ ਅਤੇ ਅੱਤਵਾਦੀ ਗਤੀਵਿਧੀਆਂ ਲਈ ਵਿੱਤ ਪੋਸ਼ਣ ਨਾਲ ਵੀ ਸਬੰਧਤ ਹੁੰਦੇ ਹਨ, ਜੋ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਿੰਡੀਕੇਟਾਂ ਨੂੰ ਹਰਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਸਹਿਯੋਗ ਅਤੇ ਤਾਲਮੇਲ ਦੀ ਨਿਰੰਤਰ ਲੋੜ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਅਦ ਤੋਂ ਸਮੱਗਲਿੰਗ, ਟੈਕਸ ਚੋਰੀ, ਵਪਾਰਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਭਾਰੀ ਤਬਦੀਲੀਆਂ ਆਈਆਂ ਹਨ ਤੇ ਹੁਣ ਈ-ਕਾਮਰਸ ਅਤੇ ਕ੍ਰਿਪਟੋ ਕਰੰਸੀ ’ਚ ਸਰਹੱਦ ਪਾਰੋਂ ਲੈਣ-ਦੇਣ ਆਸਾਨ ਹੋਣ ਨਾਲ ਇਹ ਸਮੱਸਿਆ ਗੰਭੀਰ ਬਣ ਗਈ ਹੈ।