ਮੈਰੀਲੈਂਡ(ਅਮੈਰਿਕਾ) : ਅੰਤਰਰਾਸ਼ਟਰੀ ਫ਼ੋਰਮ ਯੂਐੱਸਏ ਵੱਲੋਂ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੈਨੇਜਿੰਗ ਡਾਇਰੈਕਟਰ ਅਤੇ ਉੱਘੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਨੂੰ ਸਿੱਖਿਆ, ਸਿਹਤ, ਮਨੁੱਖੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰਾਂ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਭਾਈਚਾਰੇ ਵਲੋਂ ਉਹਨਾਂ ਨੂੰ ਸਨਮਾਨ ਪੱਤਰ ਭੇਂਟ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਪ੍ਰਧਾਨ ਸਤਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਡਾ. ਓਬਰਾਏ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਸਤਪਾਲ ਸਿੰਘ ਬਰਾੜ ਨੇ ਡਾ. ਓਬਰਾਏ ਵੱਲੋਂ ਜਾਤ-ਪਾਤ, ਧਰਮ ਅਤੇ ਕੌਮੀਅਤ ਤੋਂ ਉੱਪਰ ਉੱਠ ਕੇ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ।

ਮੈਰੀਲੈਂਡ ਸਟੇਟ ਦੇ ਕਮਿਸ਼ਨਰ ਅਮਰਜੀਤ ਸਿੰਘ ਸੰਧੂ ਨੇ ਵੀ ਡਾ. ਓਬਰਾਏ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ। ਵਰਲਡ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ ਦੇ ਚੇਅਰਮੈਨ ਅਮਰ ਸਿੰਘ ਮੱਲ੍ਹੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਮਨੁੱਖਤਾ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ।

ਇਸ ਮੌਕੇ ਕੁਲਦੀਪ ਸਿੰਘ ਮੱਲ੍ਹਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਰਜਨੀਆ) , ਸਾਹਿਬਜੀਤ ਸਿੰਘ ਖਹਿਰਾ ,ਪ੍ਰਤਾਪ ਸਿੰਘ ਗਿੱਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮੈਰਿਕਾ , ਗੁਰਚਰਨ ਸਿੰਘ ਗੁਰੂ, ਬੀ.ਐੱਸ. ਰੰਧਾਵਾ, ਲਖਬੀਰ ਸਿੰਘ ਤੱਖੜ ( ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਵਾਸ਼ਿੰਗਟਨ ਡੀ ਸੀ) ,ਦਵਿੰਦਰ ਸਿੰਘ ਗਿੱਲ, ਐੱਸ ਡੀ ਓ ਬਲਰਾਮ ਸਿੰਘ ਰੰਧਾਵਾ , ਨਿਰਪਜੀਤ ਸਿੰਘ ,ਅੰਤਰਰਾਸ਼ਟਰੀ ਫ਼ੋਰਮ ਯੂਐੱਸਏ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਗਿੱਲ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ ਅਤੇ ਪੱਤਰਕਾਰ ਸਰਮੁੱਖ ਸਿੰਘ ਮਾਣਕ ਉਚੇਚੇ ਤੌਰ ਤੇ ਹਾਜ਼ਰ ਹੋਏ । ਇਸ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਓਬਰਾਏ ਨੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਸਿੱਖਿਆ, ਸਿਹਤ ਸੇਵਾਵਾਂ ਅਤੇ ਨੌਜਵਾਨਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਲਈ ਤਿਆਰ ਕਰਨ ਵਾਸਤੇ ਚਲਾਈ ਜਾ ਰਹੀ ਸਿਵਲ ਸਰਵਿਸਿਜ਼ ਅਕੈਡਮੀ ਦੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ-ਭਲਾਈ ਪ੍ਰੋਜੈਕਟਾਂ ਰਾਹੀਂ ਅਗਲੇ ਦਸ ਸਾਲਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ, ਬੁਨਿਆਦੀ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਨੂੰ ਸਮਾਜਿਕ ਤੇ ਆਰਥਿਕ ਪੱਖੋਂ ਮਜ਼ਬੂਤ ਲੀਹਾਂ ਉੱਤੇ ਲਿਆਉਣ ਦੀ ਯੋਜਨਾ ਹੈ।ਡਾ. ਓਬਰਾਏ ਨੇ ਸਨਮਾਨ, ਪਿਆਰ ਅਤੇ ਨਿੱਘੀ ਮੇਜ਼ਬਾਨੀ ਲਈ ਅੰਤਰਰਾਸ਼ਟਰੀ ਫ਼ੋਰਮ ਯੂਐੱਸਏ ਅਤੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।
ਡਾ. ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਅਮੈਰਿਕਾ ਫੇਰੀ ਦਾ ਉਹਨਾਂ ਦਾ ਮਕਸਦ ਪੰਜਾਬੀ ਭਾਈਚਾਰੇ ਨੂੰ ਆਪਣੇ ਪੰਜਾਬ ਲਈ ਕੁਝ ਕਰ ਗੁਜ਼ਰਨ ਵਾਸਤੇ ਪ੍ਰੇਰਿਤ ਕਰਨਾ ਹੈ ਅਤੇ ਸਿੱਖੀ ਮੁਤਾਬਿਕ ਦਸਵੰਧ ਦੀ ਰਵਾਇਤ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਲਈ ਮੁਹਿੰਮ ਚਲਾਉਣਾ ਹੈ।ਉਹਨਾਂ ਸਪਸ਼ਟ ਕੀਤਾ ਕਿ ਉਹ ‘ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ‘ ਦੇ ਸੇਵਾ ਕਾਰਜਾਂ ਲਈ ਕਿਸੇ ਵੀ ਵਿਅਕਤੀ ਜਾਂ ਸੰਸਥਾ ਤੋਂ ਆਰਥਿਕ ਸਹਾਇਤਾ ਨਹੀਂ ਲੈਂਦੇ ਸਗੋਂ ਉਹ ਅਪੀਲ ਕਰਦੇ ਨੇ ਕਿ ਪ੍ਰਵਾਸੀ ਪੰਜਾਬੀ ਆਪੋ ਆਪਣੀ ਸੋਚ ਮੁਤਾਬਿਕ ਪੰਜਾਬ ਦੇ ਕਿਸੇ ਹਿੱਸੇ ਜਾਂ ਆਪਣੇ ਪਿੰਡ ਨੂੰ ਹੀ ਗੋਦ ਲੈਣ ਜਾਂ ਕਿਸੇ ਵਿਦਿਆਰਥੀ ਦੀ ਸਿਖਿਆ ਲਈ ਖੁਦ ਸਹਾਇਤਾ ਕਰਨ ਜਿਸ ਸਦਕਾ ਉਹਨਾਂ ਨੂੰ ਮਾਨਸਿਕ ਸਕੂਨ ਮਿਲੇਗਾ।ਉਹਨਾਂ ਕਿਹਾ ਕਿ ਉਹ ਪਲੇਟਫਾਰਮ ਦੇ ਸਕਦੇ ਨੇ ਜਿਥੇ ਪੰਜਾਬੀ ਆਪਣੇ ਹੱਥੀਂ ਦਾਨ ਕਰਨ ।
ਡਾ. ਓਬਰਾਏ ਦੇ ਸਨਮਾਨ ਵਿੱਚ ਅੰਤਰਰਾਸ਼ਟਰੀ ਫ਼ੋਰਮ ਯੂਐੱਸਏ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਸ਼ਾਨਦਾਰ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ।
ਸਮਾਗਮ ਦੀ ਸਮਾਪਤੀ ਮੌਕੇ ਹਾਜ਼ਰ ਆਗੂਆਂ ਨੇ ਡਾ. ਓਬਰਾਏ ਦੇ ਦੂਰਅੰਦੇਸ਼ੀ ਮਿਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਦਇਆ, ਨਿਰਸਵਾਰਥ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪ੍ਰੇਰਨਾਦਾਇਕ ਮਿਸਾਲ ਦੱਸਿਆ।ਉਹਨਾਂ ਡਾ. ਓਬਰਾਏ ਵਲੋਂ ਸ਼ੁਰੂ ਕੀਤੀ ਜਾ ਰਹੀ ਯੂਨੀਵਰਸਿਟੀ ਦੀ ਵੀ ਸ਼ਲਾਘਾ ਕੀਤੀ ਗਈ ।