ਲੁਧਿਆਣਾ : ਵਿਸ਼ਵ ਪੰਜਾਬੀ ਭਵਨ ਬਰਾਂਪਟਨ(ਟੋਰੰਟੋ) ਕੈਨੇਡਾ ਦੇ ਸੰਸਥਾਪਕ ਡਾਃ ਦਲਬੀਰ ਸਿੰਘ ਕਥੂਰੀਆ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਨਵੇਂ ਸਰਪ੍ਰਸਤ ਬਣੇ ਹਨ। ਉਨ੍ਹਾਂ ਸਰਪ੍ਰਸਤ ਵਜੋਂ ਆਪਣੀ ਮੈਂਬਰਸ਼ਿਪ ਦਾ ਇੱਕ ਲੱਖ ਰੁਪਿਆ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੂੰ ਭੇਂਟ ਕੀਤਾ।
ਡਾ. ਕਥੂਰੀਆ ਨੇ ਕਿਹਾ ਕਿ ਅੱਜ ਮੈਨੂੰ 70 ਸਾਲ ਪੁਰਾਣੀ ਸੰਸਥਾ ਨਾਲ ਜੁੜ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਪੰਜਾਬੀ ਭਾਸ਼ਾ ਸਾਹਿੱਤ ਤੇ ਸੱਭਿਆਚਾਰ ਦੇ ਵਿਕਾਸ ਲਈ ਮੋਢੇ ਨਾਲ ਮੋਢਾ ਜੋੜ ਕੇ ਪੂਰੇ ਵਿਸ਼ਵ ਵਿੱਚ ਕੰਮ ਕਰੇਗੀ।
ਉਨ੍ਹਾ ਇਸ ਗੱਲ ਤੇ ਵੀ ਮਾਣ ਮਹਿਸੂਸ ਕੀਤਾ ਕਿ ਡਾ. ਸ ਪ ਸਿੰਘ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਹੋਣ ਕਾਰਨ ਹੀ ਮੈਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਇਸ ਦਾ ਹੈੱਡ ਕੁਆਰਟਰ ਪੰਜਾਬੀ ਭਵਨ ਨਾਲ ਜੁੜ ਸਕਿਆ ਹਾਂ ਜੋ ਸਾਡੇ ਸਭ ਪੰਜਾਬੀਆਂ ਲਈ ਤੀਰਥ ਵਾਂਗ ਹੈ ਕਿਉਂਕਿ ਇਹ ਲੇਖਕਾਂ ਵਿਦਵਾਨਾਂ ਤੇ ਸੱਭਿਆਚਾਰਕ ਕਾਮਿਆਂ ਦਾ ਆਪਣਾ ਘਰ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ,ਪ੍ਰੋ. ਰਵਿੰਦਰ ਸਿੰਘ ਭੱਠਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਤੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਡਾ. ਦਲਬੀਰ ਸਿੰਘ ਕਥੂਰੀਆ ਦਾ ਪੰਜਾਬੀ ਸਾਹਿੱਤ ਅਕਾਡਮੀ ਪਰਿਵਾਰ ਵਿੱਚ ਸੁਆਗਤ ਕੀਤਾ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਲੱਕੀ ਵੀ ਹਾਜ਼ਰ ਸਨ।
ਇਸ ਮੌਕੇ ਡਾ. ਦਲਬੀਰ ਸਿੰਘ ਕਥੂਰੀਆ ਨੂੰ ਪੰਜਾਬ ਫੇਰੀ ਤੇ ਸਭਨਾਂ ਨੇ ਰਲ ਮਿਲ ਸੁਆਗਤ ਕੀਤਾ।