ਚੰਡੀਗੜ੍ਹ : ਪੰਜਾਬ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਰਹੇ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਸੀ.ਬੀ.ਆਈ. (CBI) ਜਾਂਚ ਦੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਕਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਅਸੀਂ ਇਨਸਾਫ਼ ਦਾ ਵਾਅਦਾ ਕੀਤਾ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਭਾਵੇਂ ਕੋਈ ਮੰਤਰੀ ਹੋਵੇ ਜਾਂ ਸੰਤਰੀ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ” ਰੰਧਾਵਾ ਮਾਮਲੇ ‘ਚ ਮੰਤਰੀ ਦਾ ਅਸਤੀਫ਼ਾ ਹੋ ਗਿਆ ਹੈ, ਉਸ ਨੂੰ ਫੜ ਲਿਆ ਗਿਆ ਹੈ ਅਤੇ ਚੀਫ਼ ਸੈਕਟਰੀ ਪੱਧਰ ਦੀ ਕਮੇਟੀ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਜੋ ਵੀ ਕਾਨੂੰਨ ਮੁਤਾਬਕ ਹੋਵੇਗਾ, ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜਿੱਥੋਂ ਤੱਕ ਸੀ.ਬੀ.ਆਈ. (CBI) ਦੀ ਗੱਲ ਹੈ, ਅਜਿਹੀਆਂ ਕਈ ਉਦਾਹਰਨਾਂ ਹਨ ਜਿੱਥੇ ਕਈ ਹੋਰ ਲੋਕਾਂ ਦੇ ਨਾਮ ਸਾਹਮਣੇ ਆਏ ਹਨ। ਵਾਈ. ਪੂਰਨ ਕੁਮਾਰ ਮਾਮਲਾ, ਜਿਸ ਵਿੱਚ ਹਰਿਆਣਾ ਦੇ ਚੋਟੀ ਦੇ ਅਧਿਕਾਰੀਆਂ ਦੇ ਨਾਮ ਆਏ ਸਨ – ਕੀ ਉਹ ਮਾਮਲਾ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ? ਇੱਕ ਪਰਿਵਾਰ ਨੇ ਛਾਲ ਮਾਰ ਦਿੱਤੀ ਸੀ ਜਿਸ ਵਿੱਚ ਪਿਤਾ ਅਤੇ ਧੀ ਦੀ ਮੌਤ ਹੋ ਗਈ ਸੀ ਅਤੇ ਪਤਨੀ ਬਚ ਗਈ ਸੀ। ਉਸਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ ਗੰਭੀਰ ਇਲਜ਼ਾਮ ਲਗਾਏ ਸਨ, ਕੀ ਉਸ ਮਾਮਲੇ ਚ ਕਿਸੇ ਨੇ ਅਸਤੀਫਾ ਦਿੱਤਾ। ਪਟਿਆਲਾ ਵਿੱਚ ਆਤਮਦਾਹ ਦੀ ਇੱਕ ਘਟਨਾ ਵਿੱਚ ਕੈਪਟਨ ਅਮਰਿੰਦਰ ਸਰਕਾਰ ‘ਤੇ ਇਲਜ਼ਾਮ ਲੱਗੇ ਸਨ, ਕੀ ਉਸ ਵਿੱਚ ਸੀ.ਬੀ.ਆਈ. ਜਾਂਚ ਹੋਈ ਸੀ?

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਕ ਵਿਅਕਤੀ ਅਮਿਤ ਸ਼ਾਹ ਦਾ ਨਾਮ ਲੈ ਕੇ ਖ਼ੁਦਕੁਸ਼ੀ ਕਰ ਗਿਆ ਸੀ, ਉਸ ਵਿੱਚ ਕਿਹੜੀ ਸੀ.ਬੀ.ਆਈ. ਜਾਂਚ ਹੋਈ ਸੀ? ਕੀ ਅਮਿਤ ਸ਼ਾਹ ਨੇ ਅਸਤੀਫ਼ਾ ਦਿੱਤਾ ਸੀ?

ਜ਼ਿਕਰਯੋਗ ਹੈ ਕਿ ਗਗਨਦੀਪ ਸਿੰਘ ਰੰਧਾਵਾ ਨੇ ਬੀਤੇ ਦਿਨੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਜਿਸ ਤੋਂ ਬਾਅਦ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਨੇ ਮਰਨ ਤੋਂ ਪਹਿਲਾਂ ਬਣਾਈ ਇਕ ਵੀਡੀਓ ਵਿੱਚ ਪੰਜਾਬ ਦੇ ਮੰਤਰੀ ਲਾਲਜੀਤ ਭੁੱਲਰ ਦਾ ਨਾਮ ਲਿਆ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਮੰਤਰੀ ਦਾ ਅਸਤੀਫ਼ਾ ਲੈ ਲਿਆ ਸੀ। ਇਸ ਮਾਮਲੇ ਵਿੱਚ ਸਾਬਕਾ ਮੰਤਰੀ ਲਾਲ ਸਿੰਘ ਭੁੱਲਰ ਨੂੰ ਪੁਲਿਸ ਨੇ ਸੋਮਵਾਰ ਸ਼ਾਮ ਗ੍ਰਿਫ਼ਤਾਰ ਕੀਤਾ ਸੀ । ਭੁੱਲਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।