ਗਲੋਬਲ ਆਈਕਨ ਬਣ ਚੁੱਕੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਆਪਣੀ ਚਮਕ ਬਿਖੇਰ ਰਹੇ ਹਨ। ਸਾਲ 2024 ਵਿੱਚ ਆਪਣੇ ਇਤਿਹਾਸਕ ਡੈਬਿਊ ਤੋਂ ਬਾਅਦ, ਦਿਲਜੀਤ ਨੇ ਅਮਰੀਕਾ ਦੇ ਮਸ਼ਹੂਰ ਟਾਕ ਸ਼ੋਅ ‘ਦਿ ਟੂਨਾਈਟ ਸ਼ੋਅ ਸਟਾਰਿੰਗ ਜਿੰਮੀ ਫੈਲਨ’ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ। ਇਸ ਖ਼ਬਰ ਨੇ ਜਿੱਥੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਭਰ ਦਿੱਤਾ ਹੈ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਮਜ਼ੇਦਾਰ ਵੀਡੀਓਜ਼ ਵਾਇਰਲ ਹੋ ਰਹੇ ਹਨ।
“ਇੱਕ ਵਾਰ ਪੰਜਾਬੀ ਆ ਜਾਣ ਤਾਂ ਛੇਤੀ ਨਹੀਂ ਜਾਂਦੇ”
ਸ਼ੋਅ ਦੇ ਸੈੱਟ ਤੋਂ ਸਾਹਮਣੇ ਆਈ ਇੱਕ ‘ਬਿਹਾਇੰਡ-ਦੀ-ਸੀਨ’ (BTS)ਵੀਡੀਓ ਵਿੱਚ ਦਿਲਜੀਤ ਦਾ ਉਹੀ ਬੇਬਾਕ ਅਤੇ ਦੇਸੀ ਅੰਦਾਜ਼ ਦੇਖਣ ਨੂੰ ਮਿਲਿਆ, ਜਿਸ ਲਈ ਉਹ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਵੀਡੀਓ ਦੀ ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਦੀ ਟੀਮ ਸਟੂਡੀਓ ਦਾ ਦਰਵਾਜ਼ਾ ਖੋਲ੍ਹਦੀ ਹੈ, ਤਾਂ ਦਿਲਜੀਤ ਬੜੇ ਸਵੈਗ ਨਾਲ ਕਹਿੰਦੇ ਹਨ, “ਕੀ ਲੱਗਦਾ ਸੀ ਨਹੀਂ ਪਰਤਾਂਗੇ?”
ਇਸ ਤੋਂ ਤੁਰੰਤ ਬਾਅਦ ਉਹ ਆਪਣੀ ਖ਼ਾਸ ਮੁਸਕਰਾਹਟ ਨਾਲ ਕਹਿੰਦੇ ਹਨ,”ਕਿਹਾ ਸੀ ਨਾ ਕਿ ਇੱਕ ਵਾਰ ਪੰਜਾਬੀ ਆ ਜਾਣ ਤਾਂ ਛੇਤੀ ਨਹੀਂ ਜਾਂਦੇ… ਜਿੰਮੀ ਫੈਲਨ ਆ ਗਏ ਓਏ!”
ਸਟੂਡੀਓ ਵਿੱਚ ਪਾਇਆ ਭੰਗੜਾ
ਵਾਇਰਲ ਹੋ ਰਹੀ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਦਿਲਜੀਤ ਦਾ ਸੁਪਰਹਿੱਟ ਟ੍ਰੈਕ ‘ਮੋਰਨੀ’ ਵੱਜ ਰਿਹਾ ਹੈ। ਦਿਲਜੀਤ ਸਟੂਡੀਓ ਦੇ ਗਲਿਆਰਿਆਂ ਵਿੱਚ ਭੰਗੜਾ ਪਾਉਂਦੇ ਹੋਏ ਅਤੇ ਆਪਣੀ ਐਨਰਜੀ ਨਾਲ ਸਭ ਨੂੰ ਦੀਵਾਨਾ ਬਣਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਦੱਸਦਾ ਹੈ ਕਿ ਉਹ ਅੰਤਰਰਾਸ਼ਟਰੀ ਮੰਚਾਂ ‘ਤੇ ਵੀ ਆਪਣੇ ਪੰਜਾਬੀ ਵਿਰਸੇ ਨੂੰ ਕਿੰਨੇ ਮਾਣ ਨਾਲ ਪੇਸ਼ ਕਰਦੇ ਹਨ।
ਸ਼ੋਅ ‘ਚ ਐਂਟਰੀ ਦਿਲਜੀਤ ਦੋਸਾਂਝ ਨੇ ਕਾਲੇ ਕੁੜਤੇ ਚਾਦਰੇ ਅਤੇ ਕਾਲੀ ਪੱਗ ਬੰਨ੍ਹ ਕੇ ਕੀਤੀ। ਸ਼ੋਅ ਦੇ ਗਲਿਆਰੇ ‘ਚ ਪਹੁੰਚੇ ਸਾਰ ਦਿਲਜੀਤ ਨੇ ਆਪਣਾ ਪੰਜਾਬੀ ਗੀਤ ‘ਮੋਰਨੀ’ ‘ਤੇ ਪਰਫਾਰਮ ਕੀਤਾ। ਉੱਥੇ ਮੌਜੂਦ ਸਾਰੇ ਦਰਸ਼ਕ ਦਿਲਜੀਤ ਦਾ ਹੌਂਸਲਾ ਵਧਾਉਣ ਲੱਗੇ।
ਜਿੰਮੀ ਫੈਲਨ ਨਾਲ ਗੱਲਬਾਤ
‘ਦਿ ਟੂਨਾਈਟ ਸ਼ੋਅ ਦੇ ਆਫ਼ੀਸ਼ੀਅਲ ਪੇਜਾਂ ‘ਤੇ ਦਿਲਜੀਤ ਦੋਸਾਂਝ ਦੀਆਂ ਦੋ ਵੀਡੀਓ ਅਪਲੋਡ ਕੀਤੀਆਂ ਗਈਆਂ ਹਨ। ਪਹਿਲੀ ਵਿੱਚ ਦਿਲਜੀਤ ਦੋਸਾਂਝ ਪਰਫਾਰਮ ਕਰਦੇ ਨਜ਼ਰ ਆਏ ਅਤੇ ਦੂਜੀ ਵੀਡੀਓ ਵਿੱਚ ਸ਼ੋਅ ਦੇ ਹੋਸਟ ਜਿੰਮੀ ਫੈਲਨ ਨਾਲ ਗੱਲਬਾਤ ਕਰਦੇ ਨਜ਼ਰ ਆਏ। ਗੱਲਬਾਤ ਦੌਰਾਨ ਦਿਲਜੀਤ ਨੇ ਦਰਸ਼ਕਾਂ ਨੂੰ ਕਿਹਾ ਕਿ ਮਾਫ਼ ਕਰਨਾ ਮੇਰੀ ਅੰਗਰੇਜ਼ੀ ਐਨੀ ਚੰਗੀ ਨਹੀਂ ਹੈ, ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਸਮਝ ਆ ਜਾਵੇ। ਫਿਰ ਇਸ ਤੋਂ ਬਾਅਦ ਦਿਲਜੀਤ ਨੇ ਜਿੰਮੀ ਫੈਲਨ ਦੇ ਸਵਾਲਾਂ ਦਾ ਬੇਬਾਕ ਅੰਦਾਜ਼ ‘ਚ ਜਵਾਬ ਦਿੱਤਾ।
ਦਿਲਜੀਤ ਅਤੇ ਜਿੰਮੀ ਫੈਲਨ ਦੀ ਜੁਗਲਬੰਦੀ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਦਿਲਜੀਤ ਨੇ ਨਾ ਸਿਰਫ਼ ਪੰਜਾਬ ਦਾ, ਸਗੋਂ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਇਹ ਦੂਜੀ ਵਾਰ ਹੈ ਜਦੋਂ ਦਿਲਜੀਤ ਇਸ ਸ਼ੋਅ ਦਾ ਹਿੱਸਾ ਬਣੇ ਹਨ, ਜੋ ਕਿ ਕਿਸੇ ਵੀ ਪੰਜਾਬੀ ਕਲਾਕਾਰ ਲਈ ਇੱਕ ਬਹੁਤ ਵੱਡੀ ਉਪਲਬਧੀ ਹੈ।
ਇਸ ਤੋਂ ਪਹਿਲਾਂ ਸਾਲ 2024 ਵਿੱਚ ਦਿਲਜੀਤ ਦੋਸਾਂਝ ਇਸ ਸ਼ੋਅ ਵਿੱਚ ਪਰਫਾਰਮ ਕਰਨ ਪਹੁੰਚੇ ਸਨ। ਉਦੋਂ ਦਿਲਜੀਤ ਦੋਸਾਂਝ ਚਿੱਟਾ ਕੁੜਤਾ ਚਾਦਰਾ ਅਤੇ ਚਿੱਟੀ ਪੱਗ ਬੰਨ੍ਹ ਕੇ ਪੰਹੁਚੇ ਸਨ। ਦਿਲਜੀਤ ਦੋਸਾਂਝ ਨੇ ਇਹ ਪਰਫਾਰਮੰਸ ਆਪਣੇ ਜੋਸ਼ੀਲੇ ਅੰਦਾਜ਼ ਵਿੱਚ ਆਪਣੇ ਗੀਤ ‘ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ’ ਤੇ ‘ਤੂੰ ਤਾਂ ਫਿਰ ਜੱਟ ਦਾ ਪਿਆਰ’ ਗੀਤ ਉੱਤੇ ਦਿੱਤੀ ਸੀ।
