ਚੰਡੀਗੜ੍ਹ ‘ਚ ਦੇਰ ਰਾਤ ਡੀਜ਼ਲ ਨਾਲ ਭਰਿਆ ਟੈਂਕਰ ਪਲਟ ਗਿਆ। ਇਹ ਘਟਨਾ ਸੈਕਟਰ 20-21 ਚੌਕ ਵਿਖੇ ਵਾਪਰੀ। ਇਹ ਤੇਲ ਟੈਂਕਰ ਡੀਜ਼ਲ ਨਾਲ ਭਰਿਆ ਹੋਇਆ ਸੀ। ਇਸ ਨੂੰ ਦੇਖਦੇ ਹੋਏ ਲੋਕਾਂ ਵਿੱਚ ਬਾਲਟੀਆਂ, ਬੋਤਲਾਂ ਅਤੇ ਪਲਾਸਟਿਕ ਦੇ ਡਰੰਮਾਂ ਵਿਚ ਡੀਜ਼ਲ ਭਰਨ ਦਾ ਮੁਕਾਬਲਾ ਹੋਇਆ। ਮੌਕੇ ’ਤੇ ਪੁੱਜੀ ਪੁਲਿਸ ਦੀ ਪੀਸੀਆਰ ਟੀਮ ਵੀ ਲੋਕਾਂ ਨੂੰ ਇਸ ਲੁੱਟ-ਖਸੁੱਟ ਤੋਂ ਨਹੀਂ ਰੋਕ ਸਕੀ। ਹਾਲਾਂਕਿ ਪੁਲਿਸ ਨੇ ਇਹ ਰਸਤਾ ਆਉਣ-ਜਾਣ ਵਾਲੇ ਵਾਹਨਾਂ ਲਈ ਬੰਦ ਕਰ ਦਿਤਾ ਸੀ।
ਇਹ ਘਟਨਾ ਰਾਤ ਕਰੀਬ 10:30 ਵਜੇ ਦੀ ਦੱਸੀ ਜਾ ਰਹੀ ਹੈ। ਸੂਚਨਾ ਤੋਂ ਬਾਅਦ ਪੁਲਿਸ ਦੀ ਪੀਸੀਆਰ ਟੀਮ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਟੈਂਕਰ ਨੂੰ ਸਿੱਧਾ ਕਰਨ ਲਈ ਜੇਸੀਬੀ ਮੰਗਵਾਈ ਸੀ ਪਰ ਕਰੀਬ 2 ਘੰਟੇ ਬਾਅਦ ਸਾਢੇ 12 ਵਜੇ ਜੇਸੀਬੀ ਮੌਕੇ ’ਤੇ ਪੁੱਜੀ। ਇਸ ਤੋਂ ਬਾਅਦ ਟੈਂਕਰ ਨੂੰ ਸਿੱਧਾ ਕਰਕੇ ਸੜਕ ਨੂੰ ਸਾਫ਼ ਕਰਕੇ ਆਵਾਜਾਈ ਸ਼ੁਰੂ ਕਰ ਦਿਤੀ ਗਈ। ਡੀਜ਼ਲ ਸੜਕ ‘ਤੇ ਫੈਲ ਰਿਹਾ ਸੀ, ਫਿਰ ਵੀ ਰਾਤ ਨੂੰ ਡਿਜ਼ਾਸਟਰ ਮੈਨੇਜਮੈਂਟ ਟੀਮ ਮੌਕੇ ‘ਤੇ ਨਹੀਂ ਪਹੁੰਚੀ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਟੈਂਕਰ ਸੈਕਟਰ 20-21 ਦੇ ਚੌਕ ਕੋਲ ਪਹੁੰਚਿਆ ਤਾਂ ਅਚਾਨਕ ਇਕ ਕਾਰ ਸਾਹਮਣੇ ਆ ਗਈ। ਇਸ ਕਾਰ ਨੂੰ ਬਚਾਉਣ ਲਈ ਟੈਂਕਰ ਚਾਲਕ ਨੇ ਬ੍ਰੇਕਾਂ ਲਗਾ ਦਿਤੀਆਂ। ਇਸ ਤੋਂ ਬਾਅਦ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਕਾਰ ਚਾਲਕ ਔਰਤ ਦੱਸੀ ਜਾ ਰਹੀ ਹੈ। ਟੈਂਕਰ ਚਾਲਕ ਵੀ ਮੌਕੇ ਤੋਂ ਫਰਾਰ ਹੈ।