ਪੰਜਾਬ ਦੇ DGP ਗੌਰਵ ਯਾਦਵ ਨੇ ਮੁਕੇਰੀਆਂ ‘ਚ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ। DGP ਨੇ ਟਵੀਟ ਕਰਕੇ ਕਿਹਾ ਕਿ ਅਸੀਂ ਦੁੱਖ ਦੀ ਘੜੀ ਵਿੱਚ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਸਾਡੀਆਂ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਹਨ। ਸਾਡੀ ਪਰਿਵਾਰ ਨਾਲ ਦਿਲੀ ਹਮਦਰਦੀ ਹੈ।
ਦੱਸ ਦੇਈਏ ਕਿ ਪਿੰਡ ਮਨਸੂਰਪੁਰ ‘ਚ ਐਤਵਾਰ ਨੂੰ CIA ਸਟਾਫ ਦੀ ਟੀਮ ਰੇਡ ਮਾਰਨ ਗਈ ਸੀ, ਇਸ ਦੌਰਾਨ CIA ਸਟਾਫ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿੱਚ ਬਦਮਾਸ਼ ਵਲੋਂ ਫਾਇਰਿੰਗ ਕੀਤੀ ਗਈ। ਗੋਲੀਬਾਰੀ ਵਿੱਚ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਮੁਲਾਜ਼ਮ ਦੀ ਮੌਤ ਹੋ ਗਈ ਸੀ। ਅੰਮ੍ਰਿਤਪਾਲ ਦਾ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਸ਼ਹੀਦ ਕਾਂਸਟੇਬਲ ਦਾ ਅੱਜ ਅੰਤਿਮ ਸਸਕਾਰ ਹੋਵੇਗਾ। ਮੁਕੇਰੀਆਂ ਦੇ ਪਿੰਡ ਜੰਡੋਰ ‘ਚ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।
ਗੈਂਗਸਟਰ ਵੀ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਪਰ ਉਹ ਹਥਿਆਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਨਾਕਾਬੰਦੀ ਕਰਕੇ ਘਰਾਂ ਤੇ ਗੰਨੇ ਦੇ ਖੇਤਾਂ ਵਿੱਚ ਤਲਾਸ਼ੀ ਅਰੰਭ ਦਿੱਤੀ। ਪੁਲਿਸ ਨੇ ਗੈਂਗਸਟਰ ਖਿਲਾਫ਼ ਕਤਲ ਤੇ ਅਸਲਾ ਐਕਟ ਅਧੀਨ ਕੇਸ ਦਰਜ ਕਰ ਕੇ ਉਸ ਦੀ ਸੂਚਨਾ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।