ਮਾਛੀਵਾੜਾ ਸਾਹਿਬ/ ਬਲਬੀਰ ਸਿੰਘ ਬੱਬੀ
ਸਮੁੱਚੇ ਖੇਡ ਜਗਤ ਖਾਸ ਕਰਕੇ ਕਬੱਡੀ ਖੇਡ ਨੂੰ ਪਿਆਰ ਕਰਨ ਵਾਲੇ ਦੇਸ਼ ਵਿਦੇਸ਼ ਦੇ ਕਬੱਡੀ ਪ੍ਰੇਮੀਆਂ ਦੇ ਲਈ ਇਹ ਖਬਰ ਬਹੁਤ ਹੀ ਦੁੱਖਦਾਈ ਹੈ ਕਿ ਕਬੱਡੀ ਦੇ ਧੁਨੰਤਰ ਖਿਡਾਰੀ ਕਬੱਡੀ ਦੇ ਬਾਬਾ ਬੋਹੜ ਤੇ ਬਹੁਤ ਹੀ ਸ਼ਾਨਦਾਰ ਖਿਡਾਰੀ ਸ੍ਰੀ ਦੇਵੀ ਦਿਆਲ ਜੀ (ਕੁੱਬਿਆਂ ਵਾਲੇ) ਅੱਜ ਇਸ ਦੁਨੀਆਂ ਤੋਂ ਸਦਾ ਲਈ ਚਲੇ ਗਏ। ਆਪਣੇ ਪਿੰਡ ਕੁੱਬੇ ਵਿੱਚ ਜੰਮੇ ਪਲੇ ਇੱਥੋਂ ਦੀਆਂ ਗਲੀਆਂ ਵਿੱਚ ਖੇਡ ਕੇ ਜਵਾਨ ਹੋਏ ਤੇ ਕਬੱਡੀ ਖੇਡ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਨ ਵਾਲੇ ਸ੍ਰੀ ਦੇਵੀ ਦਿਆਲ ਜੀ ਦੀਆਂ ਕਬੱਡੀ ਪ੍ਰਤੀ ਲਗਾਅ ਕਬੱਡੀ ਪ੍ਰਤੀ ਮਹਾਨ ਤੇ ਮਾਣਯੋਗ ਪ੍ਰਾਪਤੀਆਂ ਸਨ ਇਹ ਕਬੱਡੀ ਪ੍ਰੇਮੀ ਤੇ ਹੋਰ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਕਬੱਡੀ ਨੂੰ ਜਾਣ ਤੋਂ ਵੱਧ ਪਿਆਰ ਕਰਨ ਵਾਲੇ ਦੇਵੀ ਦਿਆਲ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਆਪਣੀ ਕਬੱਡੀ ਖੇਡ ਦੇ ਚੰਗੇ ਪ੍ਰਦਰਸ਼ਨ ਦੇ ਨਾਲ ਧੁੰਮਾ ਪਾਈਆਂ ਉੱਥੇ ਹੀ ਕਬੱਡੀ ਦੇ ਵਿੱਚ ਨਵੀਂ ਪਨੀਰੀ ਨੂੰ ਤਿਆਰ ਕਰਨ ਦੇ ਲਈ ਇਨਾਂ ਦਾ ਵਿਸ਼ੇਸ਼ ਸਹਿਯੋਗ ਉਦਮ ਰਿਹਾ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੇਵੀ ਦਿਆਲ ਜੀ ਜਿੱਥੇ ਕਬੱਡੀ ਦੇ ਨਾਲ ਦੇਸ਼ ਵਿਦੇਸ਼ ਤੇ ਹੋਰ ਸਭ ਪਾਸੇ ਮਸ਼ਹੂਰ ਹੋਏ ਉੱਥੇ ਹੀ ਉਹ ਸਪੋਰਟਸ ਅਫਸਰ ਵੀ ਰਹੇ ਤੇ ਉਹਨਾਂ ਨੇ ਸਦਾ ਹੀ ਹੋਰ ਖੇਡਾਂ ਖਾਸ ਕਰ ਕਬੱਡੀ ਨੂੰ ਬੁਲੰਦੀਆਂ ਉੱਤੇ ਪਹੁੰਚਾਇਆ।
ਆਪਣੇ ਨੌਜਵਾਨ ਸਪੁੱਤਰ ਅਲੰਕਾਰ ਟੋਨੀ ਜਿਸ ਦੀ ਚੜ੍ਹਦੀ ਜਵਾਨੀ ਵਿੱਚ ਹੀ ਮੌਤ ਹੋ ਗਈ ਸੀ ਉਸ ਦੇ ਸਦਮੇ ਵਿੱਚੋਂ ਨਿਕਲਦਿਆਂ ਹੋਇਆਂ ਇਹਨਾਂ ਨੇ ਅਨੇਕਾਂ ਪੁੱਤਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਵਿੱਚ ਲਿਆਂਦੇ ਨੀਲੋਂ ਤੋਂ ਦੋਰਾਹਾ ਨੂੰ ਜਾਣ ਸਮੇਂ ਕੁੱਬੇ ਪਿੰਡ ਨੂੰ ਜਾਣ ਵਾਲੀ ਸੜਕ ਦੇ ਉੱਪਰ ਵਰਿਆਮ ਸਟੇਡੀਅਮ ਦੇ ਵਿੱਚ ਦੇਵੀ ਦਿਆਲ ਦੀ ਰੋਜਾਨਾ ਦੀ ਹਾਜ਼ਰੀ ਆਪਣੇ ਆਪ ਵਿੱਚ ਮਿਸਾਲ ਰਹੀ ਹੈ। ਇਸੇ ਵਰਿਆਮ ਸਟੇਡੀਅਮ ਦੇ ਵਿੱਚ ਉਹਨਾਂ ਨੇ ਆਪਣੇ ਸਵਰਗਵਾਸੀ ਪੁੱਤਰ ਟੋਨੀ ਦੇ ਨਾਮ ਉੱਪਰ ਟੋਨੀ ਅਲੰਕਾਰ ਕਬੱਡੀ ਅਕਾਡਮੀ ਕੁਬੇ ਵੀ ਸਥਾਪਿਤ ਕੀਤੀ। ਜਿਸ ਵਿੱਚ ਇਲਾਕੇ ਦੇ ਹੀ ਨਹੀਂ ਸਗੋਂ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਖਿਡਾਰੀਆਂ ਨੇ ਕਬੱਡੀ ਟ੍ਰੇਨਿੰਗ ਲੈ ਕੇ ਕਬੱਡੀ ਜਗਤ ਵਿੱਚ ਵੱਡਾ ਨਾਮਣਾ ਖਟਿਆ। ਦੇਵੀ ਦਿਆਲ ਜੀ ਦਾ ਜਿੱਥੇ ਕਬੱਡੀ ਪ੍ਰਤੀ ਬਹੁਤ ਪ੍ਰੇਮ ਪਿਆਰ ਸੀ ਉੱਥੇ ਉਹ ਸਮਾਜ ਸੇਵਾ ਵਿੱਚ ਵੀ ਯੋਗਦਾਨ ਪਾਉਂਦੇ ਰਹਿੰਦੇ ਸਨ। ਆਪਣੇ ਪਿੰਡ ਕੁੱਬੇ ਦੇ ਵਿੱਚ ਉਨਾਂ ਦੇ ਸਹਿਯੋਗ ਸਦਕਾ ਗੁਰੂ ਘਰ ਦੀ ਸੇਵਾ ਵੀ ਉਹਨਾਂ ਨੇ ਕੀਤੀ।
ਅੱਜ ਪਿੰਡ ਕੁੱਬਾ ਹੀ ਨਹੀਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਕਬੱਡੀ ਪ੍ਰੇਮੀ ਨਿਰਾਸ਼ ਹਨ। ਕਿਉਂਕਿ ਕਬੱਡੀ ਦਾ ਧਨੰਤਰ ਖਿਡਾਰੀ ਚਲਾ ਗਿਆ ਹੈ। ਜੋ ਵੀ ਵਿਅਕਤੀ ਦੇਵੀ ਦਿਆਲ ਜੀ ਨੂੰ ਮਿਲਦਾ ਸੀ ਤਾਂ ਉਹ ਉਨਾਂ ਦੇ ਸਰੀਰ ਤੋਂ ਬਹੁਤ ਪ੍ਰਭਾਵਿਤ ਹੁੰਦਾ ਸੀ ਪਰ ਅਚਾਨਕ ਦੋ ਕੁ ਦਿਨ ਦੇ ਵਿੱਚ ਹੀ ਉਨਾਂ ਦੇ ਸਰੀਰ ਵਿੱਚ ਸ਼ੂਗਰ ਦੇ ਵਧਣ ਕਾਰਨ ਸਰੀਰਕ ਤਕਲੀਫ ਆਈ ਉਸ ਤੋਂ ਬਾਅਦ ਹਸਪਤਾਲ ਲਿਜਾਂਦਾ ਗਿਆ ਪਰ ਅਖੀਰ ਨੂੰ ਉਹ ਉਸ ਦੁਨੀਆਂ ਵਿੱਚ ਚਲੇ ਗਏ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਪੰਜਾਬ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਕਬੱਡੀ ਵਿਚਲੇ ਗਰਾਉਂਡਾਂ ਵਿੱਚ ਪੈਲਾਂ ਪਾਉਣ ਵਾਲੇ ਇਸ ਮਹਾਨ ਖਿਡਾਰੀ ਨੂੰ ਸਿਜਦਾ।