ਸਾਲ 2000 ਵਿੱਚ ਰੈਪਰ, ਗਾਇਕ ਹਨੀ ਸਿੰਘ ਅਤੇ ਬਾਦਸ਼ਾਹ ਨੇ ਇਕੱਠੇ ਇੱਕ ਗੀਤ ਬਣਾਇਆ ਸੀ, ਜੋ ਬਾਅਦ ਵਿੱਚ ਵਿਵਾਦਾਂ ਵਿੱਚ ਘਿਰ ਗਿਆ ਸੀ। ਹੁਣ ਦਿੱਲੀ ਹਾਈ ਕੋਰਟ ਨੇ ਇਸ ਵਿਵਾਦਤ ਗੀਤ ਨੂੰ ਹਰ ਡਿਜੀਟਲ ਪਲੇਟਫਾਰਮ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਰੈਪਰ ਹਨੀ ਸਿੰਘ ਅਤੇ ਗਾਇਕ ਬਾਦਸ਼ਾਹ ਨੇ ਸਾਲ 2000 ‘ਚ ‘ਮਾਫੀਆ ਮੁੰਡੀਰ’ ਨਾਂ ਦਾ ਗਰੁੱਪ ਬਣਾ ਕੇ ਗੀਤ ਲਿਖੇ ਸਨ।ਦੋਹਾਂ ਨੇ ਇਕੱਠੇ ਕਈ ਗੀਤ ਬਣਾਏ ਸਨ, ਜਿਨ੍ਹਾਂ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ। ਇਸ ਦੌਰਾਨ ਹਨੀ ਸਿੰਘ ਅਤੇ ਬਾਦਸ਼ਾਹ ਨੇ ਇੱਕ ਗੀਤ ਬਣਾਇਆ ਜਿਸ ਦੇ ਬੋਲ ਬਹੁਤ ਹੀ ਅਸ਼ਲੀਲ ਸਨ। ਇਸ ਗੀਤ ‘ਤੇ ਕਈ ਲੋਕਾਂ ਨੇ ਇਤਰਾਜ਼ ਕੀਤਾ, ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਹੁਣ ਅਦਾਲਤ ਨੇ ਇਸ ਗੀਤ ਨੂੰ ਡਿਜੀਟਲ ਪਲੇਟਫਾਰਮ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ।
ਜਸਟਿਸ ਪੁਰਸ਼ੇਂਦਰ ਕੌਰਵ ਨੇ ਕਿਹਾ ਕਿ ਇਸ ਗੀਤ ਦੇ ਬੋਲ ਬੇਹੱਦ ਅਸ਼ਲੀਲ ਅਤੇ ਔਰਤਾਂ ਪ੍ਰਤੀ ਅਪਮਾਨਜਨਕ ਹਨ। ਕੋਈ ਵੀ ਸੱਭਿਅਕ ਸਮਾਜ ਅਜਿਹੀ ਸਮੱਗਰੀ ਨੂੰ ਡਿਜੀਟਲ ਪਲੇਟਫਾਰਮ ‘ਤੇ ਮੌਜੂਦ ਹੋਣ ਦੀ ਇਜਾਜ਼ਤ ਨਹੀਂ ਦੇ ਸਕਦਾ। ਹਨੀ ਸਿੰਘ ਅਤੇ ਬਾਦਸ਼ਾਹ ਦੇ ਪੁਰਾਣੇ ਅਤੇ ਵਿਵਾਦਿਤ ਗੀਤਾਂ ਨੂੰ ਲੈ ਕੇ ਹਿੰਦੂ ਸ਼ਕਤੀ ਦਲ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਗੀਤ ਵੀ ਸੁਣਾਇਆ। ਗੀਤ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਇਹ ਉਨ੍ਹਾਂ ਬਹੁਤ ਘੱਟ ਕੇਸਾਂ ਵਿੱਚੋਂ ਇੱਕ ਹੈ ਜਿਸ ਨੇ ਅਦਾਲਤ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਦਾਲਤ ਅਨੁਸਾਰ ਗੀਤ ਦੇ ਬੋਲ ਔਰਤਾਂ ਪ੍ਰਤੀ ਅਪਮਾਨਜਨਕ ਹਨ ਅਤੇ ਇਨ੍ਹਾਂ ਦਾ ਕੋਈ ਕਲਾਤਮਕ ਜਾਂ ਸਮਾਜਿਕ ਮੁੱਲ ਨਹੀਂ ਹੈ। ਇਸ ਲਈ ਅਜਿਹੇ ਗੀਤ ਕਿਸੇ ਵੀ ਡਿਜੀਟਲ ਪਲੇਟਫਾਰਮ ‘ਤੇ ਨਹੀਂ ਹੋਣੇ ਚਾਹੀਦੇ।
ਦਾਇਰ ਪਟੀਸ਼ਨ ‘ਚ ਇਹ ਦਲੀਲ ਦਿੱਤੀ ਗਈ ਸੀ ਕਿ ਹਾਲ ਹੀ ‘ਚ ਇਕ ਸੰਗੀਤ ਸਮਾਰੋਹ ਦੌਰਾਨ ਹਨੀ ਸਿੰਘ ਨੇ ਇਸ ਵਿਵਾਦਤ ਗੀਤ ਦੀਆਂ ਕੁਝ ਲਾਈਨਾਂ ਗਾਈਆਂ ਸਨ, ਜਿਸ ਤੋਂ ਇਹ ਪੁਸ਼ਟੀ ਹੋ ਗਈ ਸੀ ਕਿ ਇਹ ਗੀਤ ਉਸ ਨੇ ਹੀ ਗਾਇਆ ਸੀ।
ਅਜਿਹੇ ‘ਚ ਅਦਾਲਤ ਨੇ ਹਨੀ ਸਿੰਘ, ਬਾਦਸ਼ਾਹ ਨੂੰ ਨਿਰਦੇਸ਼ ਦਿੱਤਾ ਕਿ ਉਹ ਸੋਸ਼ਲ ਮੀਡੀਆ ਹੈਂਡਲ, ਮਿਊਜ਼ਿਕ ਪਲੇਟਫਾਰਮ, ਸ਼ੇਅਰਿੰਗ ਪਲੇਟਫਾਰਮ ਜਾਂ ਆਨਲਾਈਨ ਥਾਵਾਂ ਤੋਂ ਇਸ ਗੀਤ ਦਾ URL ਤੁਰੰਤ ਹਟਾ ਦੇਣ। ਨਾਲ ਹੀ ਜੋ ਲੋਕ ਇਸ ਗੀਤ ‘ਤੇ ਕਿਸੇ ਵੀ ਤਰ੍ਹਾਂ ਦੇ ਅਧਿਕਾਰ ਦਾ ਦਾਅਵਾ ਕਰ ਰਹੇ ਹਨ, ਉਨ੍ਹਾਂ ਨੂੰ ਵੀ ਇਸ ਗੀਤ ਨੂੰ ਹਟਾ ਦੇਣਾ ਚਾਹੀਦਾ ਹੈ। ਗਾਇਕਾਂ ਨੂੰ ਨੋਟਿਸ ਜਾਰੀ ਕਰਦਿਆਂ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਗੀਤ ਵਾਲੇ URL ਨੂੰ ਤੁਰੰਤ ਬਲੌਕ ਕੀਤਾ ਜਾਵੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ।
