ਦੁਨੀਆਂ ਭਰ ਵਿਚ ਵੱਸਦੇ ਪੰਜਾਬੀ ਆਏ ਦਿਨ ਅਪਣੀ ਨਾਲ ਮਿਹਨਤ ਹਾਸਲ ਕੀਤੀਆਂ ਪ੍ਰਾਪਤੀਆਂ ਸਦਕਾ ਭਾਈਚਾਰੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਦੇ ਚਲਦਿਆਂ ਇਟਲੀ ਵਿਚ ਵੱਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਇਕ ਪੰਜਾਬਣ ਨੇ ਜੇਨੋਆ ਯੂਨੀਵਰਸਿਟੀ ਤੋਂ 93% ਅੰਕ ਨਾਲ ਅਰਥਸ਼ਾਸਤਰ ਅਤੇ ਕਾਰੋਬਾਰ ਦੀ ਡਿਗਰੀ ਹਾਸਲ ਕੀਤੀ ਹੈ।
ਦਰਅਸਲ ਇਟਲੀ ਦੇ ਲਗੁਰੀਆ ਸੂਬੇ ਵਿਚ ਪੈਂਦੇ ਜੇਨੋਆ ਸ਼ਹਿਰ ਵਿਚ ਪੰਜਾਬਣ ਵਰਿੰਦਰ ਸਿੰਘ ਨੇ ਜੇਨੋਆ ਯੂਨੀਵਰਸਿਟੀ ਤੋਂ 93% ਨਾਲ ਅਰਥਸ਼ਾਸਤਰ ਅਤੇ ਵਪਾਰ (ਡਿਪਾਰਟਮੈਂਟ ਆਫ ਇਕਨਾਮਿਕਸ ਐਂਡ ਬਿਜਨਸ) ਦੀ ਡਿਗਰੀ ਪ੍ਰਾਪਤ ਕਰਕੇ ਦੇਸ਼, ਸਿੱਖ ਕੌਮ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿਤਾ ਹੈ।
ਪੰਜਾਬ ਦੇ ਮਾਡਲ ਟਾਊਨ (ਤਲਵਾੜਾ) ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਵਰਿੰਦਰ ਸਿੰਘ ਦੇ ਮਾਪਿਆਂ ਬਲਵਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਖੁਸ਼ੀ ਜ਼ਾਹਰ ਕਰਦਿਆਂ ਦਸਿਆ ਕਿ ਉਨ੍ਹਾਂ ਦੀ 27 ਸਾਲਾ ਧੀ ਪੜ੍ਹਾਈ ਵਿਚ ਹਮੇਸ਼ਾ ਹੀ ਅੱਗੇ ਰਹੀ ਅਤੇ ਉਸ ਨੂੰ ਅਰਥਸ਼ਾਸਤਰ ਅਤੇ ਵਪਾਰ ਵਿਚ ਜੇਨੋਆ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਨ ਵਾਲੀ ਪਹਿਲੀ ਸਿੱਖ ਲੜਕੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਬੀਤੇ ਦਿਨੀਂ ਜੇਨੋਆ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਨ ਮੌਕੇ ਪੰਜਾਬਣ ਮੁਟਿਆਰ ਵਰਿੰਦਰ ਸਿੰਘ ਦੇ ਪਰਵਾਰ ਨੂੰ ਇਟਲੀ ਭਰ ਵਿਚ ਵੱਸਦੇ ਸਾਕ-ਸਨੇਹੀਆਂ ਵਲੋਂ ਸ਼ੁਭਕਾਮਨਾਵਾਂ ਦਿਤੀਆਂ ਗਈਆਂ।