ਲੁਧਿਆਣਾ: ਲੁਧਿਆਣਾ ਦੀ ਢਾਈ ਸਾਲ ਦੀ ਮਾਸੂਮ ਦਿਲਰੋਜ਼ ਕੌਰ ਨੂੰ ਜ਼ਿੰਦਾ ਦਫ਼ਨ ਕਰਨ ਦੇ ਮਾਮਲੇ ਵਿੱਚ ਦੋਸ਼ੀ ਨੀਲਮ ਨੂੰ ਵੱਡੀ ਰਾਹਤ ਮਿਲੀ ਹੈ। ਸੈਸ਼ਨ ਕੋਰਟ ਵੱਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਉਮਰਕੈਦ ਵਿੱਚ ਬਦਲ ਦਿੱਤਾ ਹੈ। ਹਾਲਾਂਕਿ ਅਦਾਲਤ ਦੇ ਫੈਸਲੇ ਮੁਤਾਬਕ ਨੀਲਮ ਨੂੰ 30 ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ ਅਤੇ ਇਸ ਮਿਆਦ ਦੌਰਾਨ ਉਸ ਨੂੰ ਕਿਸੇ ਤਰ੍ਹਾਂ ਦੀ ਛੂਟ ਨਹੀਂ ਮਿਲੇਗੀ।
ਇਹ ਮਾਮਲਾ ਨਵੰਬਰ 2021 ਦਾ ਹੈ। ਦਿਲਰੋਜ਼ ਦੇ ਪਰਿਵਾਰ ਅਤੇ ਨੀਲਮ ਦੇ ਪਰਿਵਾਰ ਦੇ ਘਰ ਨੇੜੇ-ਨੇੜੇ ਸਨ। ਦੱਸਿਆ ਗਿਆ ਕਿ ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਆਪਣੇ ਬੱਚਿਆਂ ਲਈ ਅਕਸਰ ਖਿਡੌਣੇ, ਕੱਪੜੇ ਅਤੇ ਹੋਰ ਚੀਜ਼ਾਂ ਲਿਆਉਂਦੇ ਸਨ। ਇਹ ਚੀਜ਼ਾਂ ਦੇਖ ਕੇ ਨੀਲਮ ਦੇ ਬੱਚੇ ਵੀ ਉਨ੍ਹਾਂ ਵਰਗੀਆਂ ਚੀਜ਼ਾਂ ਦੀ ਮੰਗ ਕਰਦੇ ਸਨ, ਪਰ ਉਹ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੀ ਸੀ।
28 ਨਵੰਬਰ 2021 ਨੂੰ ਦਿਲਰੋਜ਼ ਘਰ ਦੇ ਬਾਹਰ ਖੇਡ ਰਹੀ ਸੀ। ਦੋਸ਼ ਹੈ ਕਿ ਨੀਲਮ ਨੇ ਪਹਿਲਾਂ ਹੀ ਐਲਡੀਕੋ ਨੇੜੇ ਇੱਕ ਸੁੰਨਸਾਨ ਥਾਂ ’ਤੇ ਗੱਡਾ ਪੁੱਟ ਰੱਖਿਆ ਸੀ। ਮੌਕਾ ਮਿਲਣ ’ਤੇ ਉਹ ਬੱਚੀ ਨੂੰ ਆਪਣੀ ਐਕਟਿਵਾ ’ਤੇ ਬਿਠਾ ਕੇ ਉੱਥੇ ਲੈ ਗਈ।
ਪੁਲਿਸ ਜਾਂਚ ਮੁਤਾਬਕ ਉੱਥੇ ਬੱਚੀ ਨੂੰ ਗੰਭੀਰ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਗਿਆ ਅਤੇ ਉਸ ਨੂੰ ਗੱਡੇ ਵਿੱਚ ਦਫ਼ਨਾ ਦਿੱਤਾ ਗਿਆ। ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਇਲਾਕੇ ਦੀ CCTV ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਨੀਲਮ ਬੱਚੀ ਨੂੰ ਸਕੂਟੀ ’ਤੇ ਲੈ ਕੇ ਜਾਂਦੀ ਦਿਖਾਈ ਦਿੱਤੀ।
ਪੁੱਛਗਿੱਛ ਤੋਂ ਬਾਅਦ ਹੋਇਆ ਖੁਲਾਸਾ
ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ’ਤੇ ਨੀਲਮ ਨੇ ਆਪਣਾ ਜੁਰਮ ਕਬੂਲ ਕਰਨ ਦੀ ਗੱਲ ਸਾਹਮਣੇ ਆਈ। ਉਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਬੱਚੀ ਨੂੰ ਗੱਡੇ ਵਿੱਚੋਂ ਬਰਾਮਦ ਕੀਤਾ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਤੋਂ ਬਾਅਦ ਨੀਲਮ ਖ਼ਿਲਾਫ਼ ਕਤਲ, ਕਤਲ ਦੇ ਇਰਾਦੇ ਨਾਲ ਅਗਵਾ ਕਰਨ ਅਤੇ ਸਬੂਤ ਨਸ਼ਟ ਕਰਨ ਸਮੇਤ IPC ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਫਾਂਸੀ ਦੀ ਸਜ਼ਾ ਤੋਂ ਬਾਅਦ ਹਾਈਕੋਰਟ ਪਹੁੰਚੀ ਸੀ
ਮਾਮਲੇ ਦੀ ਸੁਣਵਾਈ ਦੌਰਾਨ ਸੈਸ਼ਨ ਕੋਰਟ ਨੇ ਕਰੀਬ ਦੋ ਸਾਲ ਪਹਿਲਾਂ ਨੀਲਮ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ ਸਮੇਂ ਨੀਲਮ ਨੇ ਅਦਾਲਤ ਵਿੱਚ ਰਹਿਮ ਦੀ ਅਪੀਲ ਕੀਤੀ ਸੀ। ਉਸ ਨੇ ਜੱਜ ਨੂੰ ਕਿਹਾ ਸੀ ਕਿ ਉਸ ਦੇ ਵੀ ਦੋ ਬੱਚੇ ਹਨ ਅਤੇ ਉਸ ਨੂੰ ਬਖ਼ਸ਼ ਦਿੱਤਾ ਜਾਵੇ।
ਹਾਲਾਂਕਿ ਸੈਸ਼ਨ ਕੋਰਟ ਨੇ ਉਸ ਸਮੇਂ ਸਜ਼ਾ ਵਿੱਚ ਕੋਈ ਨਰਮੀ ਨਹੀਂ ਕੀਤੀ ਸੀ। ਇਸ ਫੈਸਲੇ ਨੂੰ ਨੀਲਮ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ।
23 ਸਤੰਬਰ ਨੂੰ ਹਾਈਕੋਰਟ ਨੇ ਮਾਮਲੇ ’ਤੇ ਸੁਣਵਾਈ ਕਰਦਿਆਂ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਬਦਲ ਦਿੱਤਾ। ਨਾਲ ਹੀ ਨੀਲਮ ਨੂੰ 30 ਸਾਲ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਇਸ ਮਿਆਦ ਦੌਰਾਨ ਉਸ ਨੂੰ ਕਿਸੇ ਤਰ੍ਹਾਂ ਦੀ ਛੂਟ ਨਹੀਂ ਮਿਲੇਗੀ।
