ਉੱਤਰ ਪ੍ਰਦੇਸ਼ ਦੇ ਅਮਰੋਹਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਥੇ 4 ਦੋਸਤ ਜਨਮਦਿਨ ਦੀ ਪਾਰਟੀ ਤੋਂ ਹੱਸਦੇ ਖੇਡਦੇ ਹੋਏ ਵਾਪਸ ਆ ਰਹੇ ਸਨ, ਪਰ ਪਲ ਵਿੱਚ ਹੀ ਉਨ੍ਹਾਂ ਦੀਆਂ ਖੁਸ਼ੀ ਸੋਗ ਵਿੱਚ ਬਦਲ ਗਈ। ਚਾਰੋਂ ਦੋਸਤ ਰਸਤੇ ਵਿੱਚ ਹੀ ਮੌਤ ਦੇ ਮੂੰਹ ਵਿੱਚ ਜਾ ਪਏ। ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਾਲ ਕੁਚਲ ਗਈਆਂ। ਹਾਦਸੇ ਵਿਚ ਕਾਰ ਵਿਚ ਸਵਾਰ ਚਾਰ ਯੂਟਿਊਬਰ, ਲੱਕੀ ਚੌਧਰੀ, ਸਲਮਾਨ, ਸ਼ਾਹਰੁਖ ਅਤੇ ਸ਼ਾਹਨਵਾਜ਼ ਦੀ ਮੌਤ ਹੋ ਗਈ। ਇਹ ਚਾਰੇ ਦੋਸਤ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਹਸਨਪੁਰ ਤੋਂ ਗਜਰੌਲਾ ਸਥਿਤ ਆਪਣੇ ਦੋਸਤ ਦਾ ਜਨਮ ਦਿਨ ਮਨਾ ਕੇ ਘਰ ਪਰਤ ਰਹੇ ਸਨ ਪਰ ਕੋਤਵਾਲੀ ਹਸਨਪੁਰ ਦੀ ਮਨੋਤਾ ਚੌਕੀ ਅਧੀਨ ਪੈਂਦੇ ਇਲਾਕੇ ਵਿੱਚ ਹਾਦਸਾ ਵਾਪਰ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ‘ਚ ਮਰਨ ਵਾਲੇ ਚਾਰੇ ਯੂਟਿਊਬਰ ਰਾਉਂਡ 2 ਵਰਲਡ ਯੂਟਿਊਬ ਚੈਨਲ ‘ਤੇ ਕਾਮੇਡੀ ਵੀਡੀਓ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਸਨ। ਮ੍ਰਿਤਕਾਂ ਦੀ ਪਛਾਣ 17 ਸਾਲਾ ਲੱਕੀ ਚੌਧਰੀ ਪੁੱਤਰ ਬਬਲੂ, 17 ਸਾਲਾ ਸਲਮਾਨ ਪੁੱਤਰ ਤਹਿਸੀਮ, 18 ਸਾਲਾ ਸ਼ਾਹਰੁਖ ਪੁੱਤਰ ਅਬਾਦਨ ਅਤੇ 19 ਸਾਲਾ ਸ਼ਾਹਨਵਾਜ਼ ਪੁੱਤਰ ਮਕਸੂਦ ਵਾਸੀ ਨਵਾਦਾ ਰੋਡ ਗਜਰੌਲਾ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਦੋਸਤ ਜੈਦ ਅਤੇ ਬਿਲਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਕਾਰ ਬੋਲੈਰੋ ਨਾਲ ਟਕਰਾ ਗਈ ਅਤੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਪਿੱਛੇ ਤੋਂ ਆ ਰਹੀ ਕਾਰ ਨਾਲ ਟਕਰਾ ਗਈ। ਰਾਹਗੀਰਾਂ ਨੇ ਉਸ ਨੂੰ ਨੁਕਸਾਨੀ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਦੇ ਚਾਰ ਦੋਸਤਾਂ ਦੀ ਮੌਤ ਹੋ ਗਈ।