ਨਿਊਯਾਰਕ : ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇੰਡੀਆਨਾਪੋਲਿਸ ਦੇ ਦੱਖਣ-ਪੂਰਬੀ ਪਾਸੇ ‘ਤੇ ਇੱਕ ਸ਼ੱਕੀ ਰੋਡ ਰੇਜ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿੱਚ ਇੱਕ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਥਾਨਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮੰਦਭਾਗੀ ਘਟਨਾ 16 ਜੁਲਾਈ ਦੀ ਰਾਤ 8:15 ਵਜੇ ਦੇ ਆਸ-ਪਾਸ ਦੇ ਕਰੀਬ ਵਾਪਰੀ। ਘਟਨਾ ਮਗਰੋਂ ਪੁਲਸ ਅਧਿਕਾਰੀਆਂ ਨੂੰ ਥੌਮਸਨ ਰੋਡ ‘ਤੇ ਸਾਊਥ ਐਮਰਸਨ ਐਵੇਨਿਊ ‘ਤੇ ਬੁਲਾਇਆ ਗਿਆ। ਜਦੋਂ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ 29 ਸਾਲ ਦਾ ਇਕ ਨੌਜਵਾਨ ਮ੍ਰਿਤਕ ਮਿਲਿਆ, ਜਿਸ ਦਾ ਨਾਂ ਗੈਵਿਨ ਦਾਸੌਰ ਸਪੁੱਤਰ ਪਵਨ ਕੁਮਾਰ ਸੀ ਅਤੇ ਜਿਸ ਦਾ ਭਾਰਤ ਤੋਂ ਪਿਛੋਕੜ ਹਿਮਾਚਲ ਕਾਲੋਨੀ ਆਗਰਾ ਯੂ.ਪੀ ਦੇ ਨਾਲ ਸੀ। ਪੁਲਸ ਨੇ ਉਸ ਨੂੰ ਸੜਕ ਦੇ ਵਿਚਕਾਰ ਮ੍ਰਿਤਕ ਪਿਆ ਦੇਖਿਆ। ਗਵਾਹਾਂ ਨੇ ਪੁਲਸ ਨੂੰ ਦੱਸਿਆ ਕਿ ਗੋਲੀਬਾਰੀ ਇੱਕ ਕਾਲੇ ਰੰਗ ਦੀ ਹੋਂਡਾ ਦੇ ਡਰਾਈਵਰ ਅਤੇ ਇੱਕ ਚਿੱਟੇ ਚੇਵੀ ਪਿਕਅਪ ਟਰੱਕ ਦੇ ਚਾਲਕ ਵਿਚਕਾਰ ਇੱਕ ਸੜਕ ‘ਤੇ ਚੱਲਦੇ ਹੋਏ ਹਾਰਨ ਮਾਰਨ ‘ਤੇ ਗੁੱਸੇ ਦੀ ਘਟਨਾ ਤੋਂ ਪੈਦਾ ਹੋਈ। ਚਸ਼ਮਦੀਦਾਂ ਨੇ ਦੱਸਿਆ ਕਿ ਦੋਨਾਂ ਵਿਚਕਾਰ ਤਕਰਾਰ ਦੇ ਨਾਲ ਇੰਨਾਂ ਡਰਾਈਵਰਾਂ ਵਿਚਕਾਰ ਬਹਿਸਬਾਜੀ ਹੋਈ ਅਤੇ ਪਿਕਅੱਪ ਦੇ ਡਰਾਈਵਰ ਨੇ ਪਿਕਅਪ ਟਰੱਕ ਵਿੱਚ ਬੈਠੇ ਹੋਏ ਹੀ ਦੂਜੇ ਕਾਰ ਦੇ ਡਰਾਈਵਰ ਨੌਜਵਾਨ ਗੈਵਿਨ ਦਾਸੌਰ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੋਕੇ ‘ਤੇ ਹੀ ਮੌਤ ਹੋ ਗਈ।