ਅੰਡਰਵਰਲਡ ਡਾਨ ਦਾਊਦ ਇਬਰਾਹਿਮ ਬਾਰੇ ਕੌਣ ਨਹੀਂ ਜਾਣਦਾ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦਾਊਦ ਇਬਰਾਹਿਮ ਹਸਪਤਾਲ ਵਿੱਚ ਭਰਤੀ ਹਨ। ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਸਿਹਤ ਖਰਾਬ ਹੋਣ ਕਾਰਨ ਪਾਕਿਸਤਾਨ ਦੇ ਕਰਾਚੀ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ, ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਦਾਊਦ ਨੂੰ ਸੋਮਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦਾਊਦ ਇਬਰਾਹਿਮ ਨੂੰ ਹਸਪਤਾਲ ਦੇ ਅੰਦਰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ ਅਤੇ ਉਹ ਆਪਣੀ ਮੰਜ਼ਿਲ ‘ਤੇ ਇਕੱਲਾ ਮਰੀਜ਼ ਹੈ।
ਸਿਰਫ ਖਾਸ ਲੋਕਾਂ ਨੂੰ ਹੀ ਦਾਊਦ ਨਾਲ ਮਿਲਣ ਦੀ ਇਜਾਜ਼ਤ ਹੈ। ਰਿਪੋਰਟਾਂ ਅਨੁਸਾਰ ਸਿਰਫ ਹਸਪਤਾਲ ਦੇ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਉਪਰਲੀ ਮੰਜ਼ਿਲ ‘ਤੇ ਜਾਣ ਦੀ ਇਜ਼ਾਜਤ ਹੈ। ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਅੰਡਰਵਰਲਡ ਡੌਨ ਦੇ ਹਸਪਤਾਲ ਵਿਚ ਦਾਖਲ ਹੋਣ ਬਾਰੇ ਉਸ ਦੇ ਰਿਸ਼ਤੇਦਾਰਾਂ ਅਲੀਸ਼ਾ ਪਾਰਕਰ ਅਤੇ ਸਾਜਿਦ ਵਾਗਲੇ ਤੋਂ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਪਾਕਿਸਤਾਨੀ ਮੀਡੀਆ ਨਿਊਜ਼ ਚੈਨਲ ਨੇ ਕਿਹਾ ਹੈ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ੱਕ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ।