ਜਲੰਧਰ : ਇਨ੍ਹੀਂ ਦਿਨੀਂ ਲੋਕਾਂ ਵਿੱਚ ਪੰਜਾਬੀ ਗਾਇਕਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਭਾਵੇਂ ਕੋਈ ਸੰਗੀਤ ਸਮਾਰੋਹ ਹੋਵੇ ਜਾਂ ਤਿਉਹਾਰ, ਉਨ੍ਹਾਂ ਦੀਆਂ ਟਿਕਟਾਂ ਮਿੰਟਾਂ ਵਿੱਚ ਹੀ ਵਿਕ ਜਾਂਦੀਆਂ ਹਨ। ਪਰ ਇਸ ਦੌਰਾਨ ਕੁਝ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ, ਜੋ ਪੂਰੇ ਸ਼ੋਅ ਦਾ ਮਾਹੌਲ ਖਰਾਬ ਕਰ ਦਿੰਦੀਆਂ ਹਨ। ਹਾਲ ਹੀ ‘ਚ ਪੰਜਾਬੀ ਗਾਇਕ ਕਰਨ ਔਜਲਾ ਦੇ ਯੂਕੇ ਕੰਸਰਟ ‘ਤੇ ਕਿਸੇ ਨੇ ਬੂਟ ਸੁੱਟ ਦਿੱਤਾ ਸੀ। ਬੂਟ ਸਿੱਧਾ ਕਰਨ ਔਜਲਾ ਦੇ ਮੂੰਹ ਉੱਤੇ ਜਾ ਕੇ ਵੱਜਿਆ ਸੀ ਜਿਸਤੋਂ ਬਾਅਦ ਕਰਨ ਔਜਲਾ ਨੇ ਅੱਧ ਵਿਚਾਲੇ ਆਪਣਾ ਸ਼ੋਅ ਛੱਡ ਦਿੱਤਾ ਸੀ ਅਤੇ ਹੁਣ ਅਜਿਹੀ ਹੀ ਇੱਕ ਘਟਨਾ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਵੀ ਸਾਹਮਣੇ ਆ ਰਹੀ ਹੈ।
ਦਰਅਸਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪੈਰਿਸ ਵਿੱਚ ਕਾਨਸਰਟ ਦੌਰਾਨ ਜਦੋ ਦਿਲਜੀਤ ਪਟਿਆਲਾ ਪੈੱਗ ਗਾਣਾ ਗਾ ਰਹੇ ਸੀ ਓਸ ਵੇਲੇ ਭੀੜ ਵਿੱਚੋਂ ਇੱਕ ਸਖ਼ਸ਼ ਨੇ ਆਪਣਾ ਫੋਨ ਦਿਲਜੀਤ ਦੋਸਾਂਝ ਵੱਲ ਵਗਾ ਕੇ ਮਾਰਿਆ। ਗਾਇਕ ਨੇ ਫੈਨ ਨੂੰ ਸਟੇਜ ‘ਤੇ ਫੋਨ ਸੁੱਟਦੇ ਦੇਖ ਲਿਆ ਸੀ। ਜਿਸ ਤੋਂ ਬਾਅਦ ਗੀਤ ਅਤੇ ਬੈਂਡ ਬੰਦ ਕਰ ਦਿੱਤੇ ਗਏ। ਦਿਲਜੀਤ ਨੇ ਕਿਹਾ- ਅਜਿਹਾ ਕਰਨ ਦਾ ਕੀ ਫਾਇਦਾ ਹੋਇਆ? ਜੇਕਰ ਤੁਹਾਡਾ ਫ਼ੋਨ ਟੁੱਟ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ, ਤਾਂ ਤੁਹਾਨੂੰ ਨੁਕਸਾਨ ਹੋਵੇਗਾ। ਅਜਿਹਾ ਪਲ ਨਾ ਵਿਗਾੜੋ, ਭਰਾ। ਹਾਲਾਂਕਿ ਇਹ ਫੋਨ ਦਿਲਜੀਤ ਦੇ ਵੱਜਿਆ ਨਹੀਂ ਪਰ ਉਹ ਇਸ ਨੂੰ ਦੇਖ ਕੇ ਡਰ ਗਿਆ।