ਸੰਗਰੂਰ: ਸੰਗਰੂਰ ਦੇ ਗੁਰਦੁਆਰੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਸੇਵਾਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਘਟਨਾ ਮਹਾਰਾਜਾ ਰਣਜੀਤ ਸਿੰਘ ਨਾਨਕੇ ਪਿੰਡ ਬਡਰੁੱਖਾਂ ਵਿੱਚ ਵਾਪਰੀ।
ਬਦਮਾਸ਼ਾਂ ਨੇ ਸੁੱਤੇ ਹੋਏ ਸੇਵਾਦਾਰ ਅਜਾਇਬ ਸਿੰਘ ਨੂੰ ਜਬਰਨ ਫੜ ਕੇ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅਜਾਇਬ ਸਿੰਘ ਨੇ ਮਦਦ ਲਈ ਰੌਲਾ ਪਾਇਆ ਤਾਂ ਨੇੜੇ ਹੀ ਮੌਜੂਦ ਇੱਕ ਹੋਰ ਸੇਵਾਦਾਰ ਜਸਵੰਤ ਸਿੰਘ ਭੱਜ ਕੇ ਬਾਹਰ ਆਇਆ। ਫੜੇ ਜਾਣ ਦੇ ਡਰੋਂ, ਹਮਲਾਵਰਾਂ ਨੇ ਜਸਵੰਤ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਫਾਈਰਿੰਗ ਤੋਂ ਬਾਅਦ, ਸਾਰੇ ਹਮਲਾਵਰ ਮੌਕੇ ਤੋਂ ਭੱਜ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀ ਅਤੇ ਪੁਲਿਸ ਵਿੱਚ ਭਾਜੜਾਂ ਪੈ ਗਈਆਂ। ਜ਼ਖਮੀ ਜਸਵੰਤ ਸਿੰਘ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਗੁਰਦੁਆਰਾ ਪ੍ਰਧਾਨ ਗਿਆਨ ਸਿੰਘ ਨੇ ਦੱਸਿਆ ਕਿ ਕੋਈ ਲੁੱਟਮਾਰ ਨਹੀਂ ਹੋਈ ਹੈ। ਹਮਲਾਵਰਾਂ ਦਾ ਇਰਾਦਾ ਸਿਰਫ ਜਾਨ ਲੈਣ ਦਾ ਲੱਗਦਾ ਹੈ। ਪੁਲਿਸ ਸਵੇਰੇ ਕਰੀਬ 2:30 ਵਜੇ ਮੌਕੇ ‘ਤੇ ਪਹੁੰਚੀ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ।
ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਪੱਸ਼ਟ ਤੌਰ ‘ਤੇ ਹਮਲਾਵਰ ਕੰਧ ਟੱਪਦੇ ਹੋਏ ਸੁੱਤੇ ਹੋਏ ਸੇਵਾਦਾਰ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਵਿਰੋਧ ਕਰਨ ‘ਤੇ ਉਹ ਗੋਲੀ ਚਲਾ ਕੇ ਫਰਾਰ ਹੋ ਜਾਂਦੇ ਹਨ।
ਪੁਲਿਸ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ CCTV ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰ ਰਹੇ ਹਨ। ਹਮਲਾਵਰਾਂ ਦਾ ਕੀ ਇਰਾਦਾ ਸੀ ਅਤੇ ਉਹ ਕਿਸ ਮਕਸਦ ਨਾਲ ਗੁਰਦੁਆਰੇ ਵਿੱਚ ਦਾਖਲ ਹੋਏ ਸਨ, ਇਨ੍ਹਾਂ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
