ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਵਲ ਸਿੰਘ ਢਿੱਲੋਂ ‘ਤੇ ਤੰਜ ਕੱਸਿਆ ਹੈ। ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ CM ਮਾਨ ਨੇ ਪੋਸਟ ਸਾਂਝੀ ਕੀਤੀ ਹੈ।
ਮੁੱਖ ਮੰਤਰੀ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ, “2019 ਅਤੇ 2024 ਵਿੱਚ ਬਰਨਾਲਾ ਦੇ ਲੋਕਾਂ ਵੱਲੋਂ ਹਰਾਏ ਹੋਏ ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਢਿੱਲੋਂ ਜੀ ਨੂੰ BJP ਦਾ ਪ੍ਰਧਾਨ ਬਣਨ ਤੇ ਮੁਬਾਰਕਾਂ। ਸੁਨੀਲ ਜਾਖੜ ਜੀ ਨਾਲ ਦਿਲੋਂ ਹਮਦਰਦੀ। ਪ੍ਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫ਼ਤਿਹਜੰਗ ਬਾਜਵਾ, ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਿੱਲਤ ਝੱਲਣ ਦਾ ਬਲ ਬਖਸ਼ੇ। ”
ਦਸ ਦਈਏ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਵਿੱਚ ਵੱਡਾ ਸਿਆਸੀ ਦਾਅ ਖੇਡਦਿਆਂ ਨਾਮਵਰ ਉਦਯੋਗਪਤੀ ਅਤੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਅਤੇ ਸੂਬੇ ਦੇ ਸਭ ਤੋਂ ਅਮੀਰ ਸਿਆਸਤਦਾਨਾਂ ਵਿੱਚ ਸ਼ੁਮਾਰ ਢਿੱਲੋਂ ਨੂੰ ਭਾਜਪਾ ਨੇ ਮਾਲਵਾ ਖਿੱਤੇ ਵਿੱਚ ਇੱਕ ਮਜ਼ਬੂਤ ‘ਜੱਟ ਸਿੱਖ’ ਚਿਹਰੇ ਵਜੋਂ ਅੱਗੇ ਲਿਆਂਦਾ ਹੈ। ਬਰਨਾਲਾ ਦੇ ਪਿੰਡ ਟੱਲੇਵਾਲ ਦੇ ਇੱਕ ਕਿਸਾਨੀ ਪਰਿਵਾਰ ਤੋਂ ਉੱਠ ਕੇ ਪੈਪਸੀਕੋ ਵਰਗੀ ਵੱਡੀ ਕੰਪਨੀ ਰਾਹੀਂ ਸਫ਼ਲ ਵਪਾਰਕ ਸਫ਼ਰ ਤੈਅ ਕਰਨ ਵਾਲੇ ਕੇਵਲ ਢਿੱਲੋਂ ਦੀ ਇਹ ਨਿਯੁਕਤੀ ਪੰਜਾਬ ਭਾਜਪਾ ਦੇ ਭਵਿੱਖੀ ਸਮੀਕਰਨਾਂ ਲਈ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਸਾਲ 2022 ਵਿੱਚ ਕਾਂਗਰਸ ਵੱਲੋਂ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਏ 76 ਸਾਲਾ ਕੇਵਲ ਢਿੱਲੋਂ ਨੇ ਆਪਣੀ ਸਿਆਸੀ ਲਿਆਕਤ ਸਦਕਾ ਅੱਜ ਸੂਬਾ ਪ੍ਰਧਾਨਗੀ ਦਾ ਸਿਖ਼ਰਲਾ ਅਹੁਦਾ ਹਾਸਲ ਕਰ ਲਿਆ ਹੈ।
ਪਾਰਟੀ ਸੂਤਰਾਂ ਮੁਤਾਬਿਕ ਭਾਜਪਾ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸਿੱਖ ਚਿਹਰੇ ਦੀ ਭਾਲ਼ ਵਿੱਚ ਸੀ, ਜਿਸ ਲਈ ਕੇਵਲ ਸਿੰਘ ਢਿੱਲੋਂ ਦੇ ਨਾਮ ‘ਤੇ ਮੋਹਰ ਲਗਾਈ ਗਈ ਹੈ।
