ਲੋਕ ਸਭਾ ਚੋਣਾਂ ਵਿਚ ‘ਪੰਜਾਬ ਬਣੇਗਾ ਦੇਸ਼ ਦਾ ਹੀਰੋ, ਇਸ ਵਾਰ 13-0’ ਮਿਸ਼ਨ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿਚ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਨੇ ਬਾਘਾ ਪੁਰਾਣਾ ਵਿਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਦਾ ਪੈਸਾ ਲੁੱਟ ਕੇ ਰਵਾਇਤੀ ਪਾਰਟੀਆਂ ਨੇ ਅਪਣੇ ਮਹਿਲ ਬਣਾ ਲਏ ਅਤੇ ਕਈ ਕੰਮ ਵਿਚ ਹਿੱਸਾ ਪਾ ਲਿਆ। ਉਨ੍ਹਾਂ ਨੂੰ ਗਰੀਬਾਂ ਦੀਆਂ ਬਦਦੁਆਵਾਂ ਨੇ ਹਰਾਇਆ ਹੈ, ਜਿਨ੍ਹਾਂ ਦੇ ਹੱਕ ਮਾਰੇ ਗਏ ਅਤੇ ਨੌਜਵਾਨਾਂ ਨੂੰ ਚਿੱਟੇ ਦਾ ਸ਼ਿਕਾਰ ਬਣਾਇਆ ਗਿਆ। ਹੁਣ ਇਹੀ ਲੋਕ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ, ਇਨ੍ਹਾਂ ਦੇ ਪਿੱਛੇ ਨਾ ਲੱਗਿਓ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਹ ਪੰਜਾਬ ਦੇ ਹੱਕ ਲਈ ਇਕੱਲੇ ਲੜ ਰਹੇ ਹਨ, ਜਦੋਂ ਉਨ੍ਹਾਂ ਨੂੰ 13 ਬਾਹਾਂ ਮਿਲ ਗਈਆਂ ਤਾਂ ਕੇਂਦਰ ਪੰਜਾਬ ਦਾ ਇਕ ਵੀ ਰੁਪਇਆ ਨਹੀਂ ਰੋਕ ਸਕੇਗੀ। ਇਕ ਵਾਰ ਕਰਮਜੀਤ ਅਨਮੋਲ ਨੂੰ ਸੰਸਦ ਦੀਆਂ ਪੌੜੀਆਂ ਚੜ੍ਹ ਦਿਓ, ਤੁਹਾਡਾ ਕੋਈ ਕੰਮ ਨਹੀਂ ਰੁਕੇਗਾ। ਇਸ ਤੋਂ ਬਾਅਦ ਸੱਭ ਦੇ ਮੂੰਹ ਬੰਦ ਹੋ ਜਾਣਗੇ, ਸਿਰਫ਼ ਕੰਮ ਕਰਨ ਵਾਲੇ ਲੋਕਾਂ ਦੀ ਆਵਾਜ਼ ਗੂੰਜੇਗੀ।
ਸੀਐਮ ਨੇ ਕਿਹਾ ਕਿ ਪੰਜਾਬ ‘ਚ ਤਾਂ ਪਹਿਲਾਂ ਹੀ ਤੁਸੀਂ ‘ਆਪ’ ਦੀ ਸਰਕਾਰ ਬਣਾ ਚੁੱਕੇ ਹੋ। ਐਤਕੀਂ ਕੇਂਦਰ ਦੀ ਤਾਕਤ ਵੀ ਦੇ ਦਿਓ, ਫ਼ਿਰ ਦੇਖਿਓ ਵਿਕਾਸ ਕਾਰਜਾਂ ਦੀ ਝੜੀ ਲਗਾ ਕੇ ਸੂਬੇ ਦੀ ਨੁਹਾਰ ਬਦਲ ਦਿਆਂਗੇ। ਬਾਦਲਾਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਭਗਵੰਤ ਮਾਨ ਨੇ ਕਿਹਾ, ‘ਬਾਦਲਾਂ ਦੇ ਟੱਬਰ ਨੇ ਹਮੇਸ਼ਾ ਧਰਮ ਨੂੰ ਵਰਤਿਆ ਹੈ, ਜਦੋਂ ਹਾਰ ਜਾਂਦੇ ਹਨ ਤਾਂ ਧਰਮ ਦੇ ਨਾਂਅ ਉਤੇ ਸਿਆਸਤ ਕਰਨ ਲੱਗ ਜਾਂਦੇ ਹਨ। ਇਨ੍ਹਾਂ ਨੇ ਗੁਰੂਆਂ ਦੀ ਬਾਣੀ ਨੂੰ ਰੌਲਿਆ ਅਤੇ ਉਸੇ ਦਾ ਨਤੀਜਾ ਭੁਗਤ ਰਹੇ ਹਨ। ਇਨ੍ਹਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ’। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸ ਦੀ ਅੰਦਰੂਨੀ ਜੰਗ ਨੂੰ ਲੈ ਕੇ ਵੀ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੂਚੀ ਅੱਧੀ ਰਾਤ ਨੂੰ ਜਾਰੀ ਹੁੰਦੀ ਹੈ ਤਾਂ ਕਿ ਇਕ ਦਿਨ ਬਿਨਾਂ ਲੜੇ ਲੰਘ ਸਕੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਫਿਰੋਜ਼ਪੁਰ ਵਿਖੇ ਰੋਡ ਸ਼ੋਅ ਕੱਢਿਆ ਗਿਆ। ਇਥੋਂ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ‘ਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਜੋ ਪਿਆਰ ਦੇ ਰਹੇ ਹਨ, ਇਹ ਇੰਝ ਹੀ ਨਹੀਂ ਮਿਲਦਾ, ਸਗੋਂ ਕਿਸੇ ਗੱਲ ਨਾਲ ਮਿਲਦਾ ਹੈ। ਪਿਆਰ ਕਮਾਉਣ ਲਈ ਪਹਿਲਾਂ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਉਣੀ ਪੈਂਦੀ ਹੈ।
ਉਨ੍ਹਾਂ ਕਿਹਾ, “ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਰਹੇ ਸੁਖਬੀਰ ਬਾਦਲ ਅਪਣੇ ਹਲਕੇ ‘ਚ ਤਾਂ ਛੱਡੋ…ਕਦੇ ਸੰਸਦ ‘ਚ ਵੀ ਨਹੀਂ ਆਏ। ਇਨ੍ਹਾਂ ਦੀ ਸੰਸਦ ‘ਚ ਸੱਭ ਤੋਂ ਘੱਟ ਸਵਾਲ ਅਤੇ ਸੱਭ ਤੋਂ ਘੱਟ ਹਾਜ਼ਰੀ ਹੈ ਪਰ ਤੁਸੀਂ ਸਾਨੂੰ ਜਿੱਥੇ ਵੀ ਬੁਲਾਉਂਦੇ ਹੋ ਹਰ ਵੇਲੇ ਤੁਹਾਡੀ ਸੇਵਾ ‘ਚ ਹਾਜ਼ਰ ਹੁੰਦੇ ਹਾਂ ਅਤੇ ਹੁੰਦੇ ਰਹਾਂਗੇ…”।