ਵਾਸ਼ਿੰਗਟਨ : 33 ਲੱਖ ਪ੍ਰਵਾਸੀ ਅਮਰੀਕਾ ਦੇ ਸਿਟੀਜ਼ਨ ਬਣ ਚੁੱਕੇ ਹਨ ਅਤੇ 9 ਲੱਖ ਗਰੀਨ ਕਾਰਡ ਧਾਰਕਾਂ ਨੂੰ ਜਲਦ ਹੀ ਨਾਗਰਿਕਤਾ ਮਿਲ ਸਕਦੀ ਹੈ। ਇਹ ਚਮਤਕਾਰ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਮਗਰੋਂ ਹੋਇਆ ਹੈ ਅਤੇ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਵੋਟਾਂ ਦੌਰਾਨ ਫਾਇਦਾ ਹਾਸਲ ਕਰਨ ਲਈ ਲੱਖਾਂ ਪ੍ਰਵਾਸੀਆਂ ਨੂੰ ਆਉਣ ਵਾਲੇ ਮਹੀਨਿਆਂ ਵਿਚ ਨਾਗਰਿਕਤਾ ਦਿਤੀ ਜਾਵੇਗੀ। ਗਰੀਨ ਕਾਰਡ ਧਾਰਕਾਂ ਅਤੇ ਨਾਗਰਿਕਾਂ ਦੇ ਹੱਕ ਤਕਰੀਬਨ ਬਰਾਬਰ ਹੁੰਦੇ ਹਨ ਪਰ ਵੋਟ ਪਾਉਣ ਦਾ ਹੱਕ ਸਿਰਫ ਨਾਗਰਿਕਾਂ ਕੋਲ ਹੀ ਹੁੰਦਾ ਹੈ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਔਸਤ ਆਧਾਰ ’ਤੇ ਤਕਰੀਬਨ 5 ਮਹੀਨੇ ਵਿਚ ਨਾਗਰਿਕਤਾ ਨਾਲ ਸਬੰਧਤ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਜਦਕਿ 2021 ਵਿਚ ਇਹ ਸਮਾਂ 11 ਮਹੀਨੇ ਤੋਂ ਉਪਰ ਚੱਲ ਰਿਹਾ ਸੀ।
9 ਲੱਖ ਗਰੀਨ ਕਾਰਡ ਹੋਲਡਰ ਜਲਦ ਬਣਨਗੇ ਯੂ.ਐਸ. ਸਿਟੀਜ਼ਨ
ਜੋਅ ਬਾਇਡਨ ਨੇ ਸੱਤਾ ਸੰਭਾਲਣ ਮਗਰੋਂ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਘਟਾਉਣ ਲਈ ਕਈ ਵੱਡੇ ਫੈਸਲੇ ਲਏ ਜਿਨ੍ਹਾਂ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਅਰਜ਼ੀਆਂ ਦੇ ਨਿਪਟਾਰੇ ਲਈ ਵਰਤੀ ਜਾਂਦੀ ਤਕਨੀਕ ਸੁਧਾਰੀ ਗਈ ਅਤੇ ਅਰਜ਼ੀ ਦੇ ਸਫਿਆਂ ਦੀ ਗਿਣਤੀ 20 ਤੋਂ ਘਟਾ ਕੇ 14 ਦਿਤੀ ਗਈ। ਭਾਵੇਂ ਸਿਟੀਜ਼ਨਸ਼ਿਪ ਫੀਸ 640 ਡਾਲਰ ਤੋਂ ਵਧਾ ਕੇ 710 ਡਾਲਰ ਕਰ ਦਿਤੀ ਗਈ ਪਰ ਘੱਟ ਆਮਦਨ ਵਾਲਿਆਂ ਨੂੰ ਰਿਆਇਤ ਦਾ ਐਲਾਨ ਵੀ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਗੈਰਜ਼ਰੂਰੀ ਬੰਦਿਸ਼ਾਂ ਲਾਗੂ ਹੋਣ ਕਾਰਨ ਪ੍ਰਵਾਸੀਆਂ ਦੀਆਂ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਨਿਪਟਾਰਾ ਹੋਣ ਵਿਚ ਲੰਮਾ ਸਮਾਂ ਲੱਗ ਰਿਹਾ ਸੀ। ਇਨ੍ਹਾਂ ਬੰਦਿਸ਼ਾਂ ਕਰ ਕੇ ਹੀ ਤਕਰੀਬਨ ਤਿੰਨ ਲੱਖ ਪ੍ਰਵਾਸੀ 2020 ਦੀਆਂ ਚੋਣਾਂ ਤੋਂ ਪਹਿਲਾਂ ਸਿਟੀਜ਼ਨਸ਼ਿਪ ਹਾਸਲ ਨਾ ਕਰ ਸਕੇ ਅਤੇ ਵੋਟ ਪਾਉਣ ਤੋਂ ਵਾਂਝੇ ਰਹਿ ਗਏ। ਅਮਰੀਕਾ ਵਿਚ ਵੋਟਰਾਂ ਦੇ ਰੁਝਾਨ ਬਾੇ ਅਧਿਐਨ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਲੈਟਿਨ ਅਮੈਰਿਕਾ, ਏਸ਼ੀਅਨਜ਼ ਅਤੇ ਅਫਰੀਕੀ ਮੂਲ ਦੇ ਜ਼ਿਆਦਾਤਰ ਲੋਕਾਂ ਦਾ ਝੁਕਾਅ ਡੈਮੋਕ੍ਰੈਟਿਕ ਪਾਰਟੀ ਵੱਲ ਹੁੰਦਾ ਹੈ ਜਿਸ ਦੇ ਮੱਦੇਨਜ਼ਰ ਆਉਂਦੀਆਂ ਚੋਣਾਂ ਵਿਚ ਕਮਲਾ ਹੈਰਿਸ ਨੂੰ ਵੱਡਾ ਫਾਇਦਾ ਹੋ ਸਕਦਾ ਹੈ।