ਮੁਕੇਰੀਆਂ: ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਮੁਕੇਰੀਆਂ ਪਹੁੰਚੇ ਹਨ। ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਜਦੋਂ ਕਿ ਅਕਾਲੀ ਦਲ ਇਸ ਸਮੇਂ ਬੇਅਦਬੀ ਸੰਬੰਧੀ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ, ਉਨ੍ਹਾਂ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿੰਦੇ ਹੋਏ ਪੰਜ ਕਾਰਜਕਾਲਾਂ ਦੌਰਾਨ ਅਜਿਹਾ ਕਾਨੂੰਨ ਖੁਦ ਕਿਉਂ ਨਹੀਂ ਬਣਾਇਆ।
ਮਾਨ ਨੇ ਕਿਹਾ ਕਿ ਜੇਕਰ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਸੱਤਾ ਵਿੱਚ ਆਉਂਦੇ ਹਨ, ਤਾਂ ਸਭ ਤੋਂ ਪਹਿਲਾਂ ਉਹ ਪੰਜਾਬ ਦੇ ਵਸਨੀਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਬੰਦ ਕਰ ਦੇਣਗੇ। ਉਨ੍ਹਾਂ ਟਿੱਪਣੀ ਕੀਤੀ ਕਿ ਵਿਰੋਧੀ ਧਿਰ ਮੁੱਖ ਮੰਤਰੀ ਬਣਨ ਦੇ ਦਾਅਵੇ ਕਰ ਰਹੀ ਹੈ, ਪਰ ਉਨ੍ਹਾਂ ਨੂੰ ਪਹਿਲਾਂ ਇਹ ਦਿਖਾਉਣਾ ਚਾਹੀਦਾ ਹੈ ਕਿ ਉਹ 60 ਸੀਟਾਂ ਜਿੱਤ ਸਕਦੇ ਹਨ; ਆਖ਼ਰਕਾਰ, ਉਹ ਇੰਨੀਆਂ ਸੀਟਾਂ ਕਿੱਥੋਂ ਲਿਆਉਣਗੇ?
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵਿੱਚ ਕਿਸੇ ਵੀ ਲੀਡਰ ਦੀ ਕਿਸੇ ਨਾਲ ਵੀ ਨਹੀਂ ਬਣਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਇਨ੍ਹੀਆਂ ਸੀਟਾਂ ਦਿਵਾ ਦਿਓ ਕਿ ਇਹ ਇਸ ਜੋਗੇ ਹੀ ਨਾ ਰਹਿਣ ਕਿ ਕੁਰਸੀ ਨੂੰ ਲੈ ਕੇ ਕੋਈ ਝਗੜਾ ਕਰ ਸਕਣ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਉਹ ਸਾਰੇ ਕਾਂਗਰਸੀ ਮੈਂਬਰਾਂ ਨੂੰ ਇੱਕ ਹੀ ਬੱਸ ਵਿੱਚ ਬਿਠਾ ਕੇ ਪੰਜਾਬ ਦੀ ਯਾਤਰਾ ਕਰਨਗੇ। ਇਹ ਲੋਕ ਇਕੱਠੇ ਬੱਸ ਵਿੱਚ ਚੜ੍ਹਨਗੇ ਪਰ ਲੜਨ ਤੋਂ ਬਾਅਦ ਹੀ ਉਤਰਨਗੇ। ਹਰ ਕਿਸੇ ਦੀ ਪੱਗ ਆਪੋ-ਆਪਣੇ ਹੱਥਾਂ ਵਿੱਚ ਹੋਣਗੀਆਂ। ਕਿਸੇ ਦਾ ਨੱਕ ਰਗੜਿਆ ਹੋਵੇਗਾ ਤਾਂ ਕਿਸੇ ਦਾ ਮੱਥਾ ਫੁੱਟਿਆ ਹੋਵੇਗਾ। ਇਸ ਲਈ ਇਨ੍ਹਾਂ ਨੂੰ ਇਕਲਿਆਂ ਨਾ ਚੜਾਓ, ਕੋਈ ਇਨ੍ਹਾਂ ਨੂੰ ਛੁਡਾਉਣ ਲਈ ਵੀ ਜਰੂਰ ਚੜ੍ਹਾਉਣਾ।
ਮੁੱਖ ਮੰਤਰੀ ਨੇ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਦੱਸਦਿਆਂ ਕਿਹਾ ਕਿ ਹੁਣ ਆਉਂਦੀ 1 ਅਗਸਤ ਨੂੰ ਮੁੜ ਤੋਂ ਟੂੰ-ਟੂੰ ਹੋਵੇਗੀ ਅਤੇ ਮਾਵਾਂ-ਧੀਆਂ ਦੇ ਖਾਤਿਆਂ ਵਿੱਚ 3 ਮਹੀਨਿਆਂ ਦੀ ਕਿਸ਼ਤ ਆਵੇਗਾ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਮਾਵਾਂ-ਭੈਣਾਂ ਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਰਹੇਗੀ, ਇਹ ਸਕੀਮ ਚੱਲਦੀ ਰਹੇਗੀ। ਪਿਛਲੇ ਮਹੀਨੇ 32 ਲੱਖ ਮਾਵਾਂ-ਭੈਣਾਂ ਦੇ ਖਾਤੇ ਵਿੱਚ 3 ਮਹੀਨਿਆਂ ਦੇ ਪੈਸੇ ਗਏ ਹਨ ਤੇ ਹੁਣ 1 ਅਗਸਤ ਨੂੰ ਮੁੜ ਤੋਂ ਟੂੰ-ਟੂੰ ਹੋਵੇਗੀ ਅਤੇ ਤਿੰਨ ਮਹੀਨਿਆਂ ਦੇ ਪੈਸੇ ਆਉਣਗੇ।
