ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਅੱਜ ਵੱਡੀ ਸੌਗਾਤ ਦਿੱਤੀ। ਉਨ੍ਹਾਂ ਨੇ ਅੱਜ ਟਾਟਾ ਸਟੀਲ ਦੇ ਅਤਿ-ਆਧੁਨਿਕ ਈਕੋ-ਫ੍ਰੈਂਡਲੀ ਗ੍ਰੀਨ ਸਟੀਲ ਪਲਾਂਟ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਚਾਹੇ ਕੋਈ ਰੇਹੜੀ ਲਗਾਵੇ ਜਾਂ ਟਾਟਾ ਸਟੀਲ ਦਾ ਪਲਾਂਟ, ਇੱਥੇ ਕਿਸੇ ਨੂੰ ਘਾਟਾ ਨਹੀਂ ਹੁੰਦਾ। ਇਹ ਗੁਰੂਆਂ ਦੀ ਧਰਤੀ ਹੈ।

ਸੀਐਮ ਨੇ ਕਿਹਾ ਕਿ ਲੋਕ ਜੇਬ ਦੇ ਅਮੀਰ ਬਹੁਤ ਹਨ, ਪਰ ਦਿਲ ਦੇ ਅਮੀਰ ਨਹੀਂ ਹੁੰਦੇ, ਜਦਕਿ ਜੇਬ ਦਿਲ ਦੇ ਉੱਪਰ ਹੁੰਦੀ ਹੈ। ਟਾਟਾ ਦੇ ਚੇਅਰਪਰਸਨ ਜੇਬ ਅਤੇ ਦਿਲ ਦੋਵਾਂ ਤੋਂ ਅਮੀਰ ਹਨ। ਪੰਜਾਬ ਦੀ ਧਰਤੀ ‘ਤੇ ਗੁਰਬਾਣੀ ਗੂੰਜਦੀ ਹੈ। ਇਸ ਧਰਤੀ ‘ਤੇ ਸਾਰੇ ਬੀਜ ਉਗਦੇ ਹਨ, ਪਰ ਨਫ਼ਰਤ ਦਾ ਬੀਜ ਨਹੀਂ ਉਗਦਾ। ਟਾਟਾ ਸਟੀਲ ਨੇ ਪਲਾਂਟ ‘ਤੇ 3200 ਕਰੋੜ ਰੁਪਏ ਨਿਵੇਸ਼ ਕੀਤੇ ਹਨ ਅਤੇ ਇਸ ਨਾਲ 2500 ਤੋਂ ਵੱਧ ਲੋਕਾਂ ਨੂੰ ਸਿੱਧੇ ਤੌਰ ‘ਤੇ ਰੁਜ਼ਗਾਰ ਮਿਲੇਗਾ।

ਟਾਟਾ ਸਟੀਲ ਦਾ ਦੇਸ਼ ਵਿੱਚ ਇਹ ਦੂਜਾ ਰੀਸਾਈਕਲ-ਅਧਾਰਤ ਗ੍ਰੀਨ ਸਟੀਲ ਪਲਾਂਟ ਹੈ। ਟਾਟਾ ਸਟੀਲ ਇਸ ਤਰ੍ਹਾਂ ਦੀ ਸਕ੍ਰੈਪ-ਅਧਾਰਤ ਤਕਨੀਕ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਉਤਸ਼ਾਹਿਤ ਕਰ ਰਹੀ ਹੈ। ਹਰਿਆਣਾ ਦੇ ਰੋਹਤਕ ਵਿੱਚ ਸਕ੍ਰੈਪ ਪ੍ਰੋਸੈਸਿੰਗ ਯੂਨਿਟ ਅਤੇ ਯੂਰਪ ਵਿੱਚ ਡੀਕਾਰਬੋਨਾਈਜ਼ੇਸ਼ਨ ਪ੍ਰੋਜੈਕਟ ਇਸੇ ਦਿਸ਼ਾ ਵਿੱਚ ਚੁੱਕੇ ਗਏ ਕਦਮ ਹਨ।

ਦੂਜੇ ਪਾਸੇ, ਪੰਜਾਬ ਸਰਕਾਰ ਨੂੰ ਵੀ ਇਸ ਪਲਾਂਟ ਤੋਂ ਸਾਲਾਨਾ 200 ਤੋਂ 300 ਕਰੋੜ ਰੁਪਏ ਦਾ ਮਾਲੀਆ ਵੱਖ-ਵੱਖ ਟੈਕਸਾਂ ਰਾਹੀਂ ਮਿਲੇਗਾ। ਲੁਧਿਆਣਾ ਦੀ ਹਾਈ-ਟੈਕ ਵੈਲੀ ਵਿੱਚ ਕਰੀਬ 115 ਏਕੜ ਜ਼ਮੀਨ ‘ਤੇ ਇਹ ਪਲਾਂਟ ਸਥਾਪਿਤ ਕੀਤਾ ਗਿਆ ਹੈ। ਇਸ ਦੀ ਸਾਲਾਨਾ ਉਤਪਾਦਨ ਸਮਰੱਥਾ 0.75 ਮਿਲੀਅਨ ਟਨ (MTPA) ਹੋਵੇਗੀ। ਇੱਥੇ ਮੁੱਖ ਤੌਰ ‘ਤੇ ਉਸਾਰੀ (construction) ਖੇਤਰ ਲਈ ਟੀਐਮਟੀ (TMT) ਬਾਰ ਅਤੇ ਹੋਰ ਸਟੀਲ ਉਤਪਾਦ ਤਿਆਰ ਕੀਤੇ ਜਾਣਗੇ।