ਨਵੀਂ ਦਿੱਲੀ: ਸੀਬੀਆਈ ਨੇ 6 ਨਵੰਬਰ 2025 ਨੂੰ ਆਕਿਲ ਅਖ਼ਤਰ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਇਹ ਕੇਸ ਇੱਕ ਸ਼ਿਕਾਇਤ ‘ਤੇ ਆਧਾਰਿਤ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਤੇ ਸਾਬਕਾ ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਆਕੀਲ ਅਖ਼ਤਰ ਦੀ 16 ਅਕਤੂਬਰ 2025 ਨੂੰ ਪੰਚਕੂਲਾ ਦੇ ਸੈਕਟਰ-4 (ਮਨਸਾ ਦੇਵੀ ਮੰਦਿਰ ਨੇੜੇ) ਵਿੱਚ ਰਹਿੰਦਿਆਂ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ।
ਆਕਿਲ ਨੇ ਆਪਣੇ ਦੋਸਤ ਨੂੰ ਵੀਡੀਓ ਭੇਜ ਕੇ ਕੀਤਾ ਸੀ ਵੱਡਾ ਖੁਲਾਸਾ
ਰਿਪੋਰਟਾਂ ਮੁਤਾਬਕ ਆਕਿਲ ਤੇ ਉਸਦੇ ਪਰਿਵਾਰ ਵਿੱਚ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। 27 ਅਗਸਤ ਨੂੰ ਆਕਿਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਆਪਣੇ ਪਿਤਾ ਮੁਹੰਮਦ ਮੁਸਤਫ਼ਾ ਤੇ ਆਪਣੀ ਪਤਨੀ ਵਿਚਕਾਰ ਨਾਜਾਇਜ਼ ਸਬੰਧਾਂ ਦਾ ਪਤਾ ਲੱਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਉਸਦਾ ਪੂਰਾ ਪਰਿਵਾਰ – ਮਾਂ ਰਜ਼ੀਆ ਸੁਲਤਾਨਾ, ਭੈਣ ਤੇ ਪਤਨੀ ਸਮੇਤ ਉਸ ਨੂੰ ਮਾਰਨ ਜਾਂ ਝੂਠੇ ਮੁਕੱਦਮੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚ ਰਿਹਾ ਹੈ।
ਹਰਿਆਣਾ ਸਰਕਾਰ ਨੇ ਕੇਂਦਰ ਨੂੰ ਸਿਫਾਰਸ਼ ਕੀਤੀ ਸੀ ਕਿ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਡੀਓਪੀਟੀ ਦੇ ਨੋਟੀਫਿਕੇਸ਼ਨ ਤੋਂ ਬਾਅਦ ਸੀਬੀਆਈ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸਐਸ) 2023 ਦੀ ਧਾਰਾ 103(1) ਤੇ 61 ਅਧੀਨ ਐਫਆਈਆਰ ਦਰਜ ਕੀਤੀ ਹੈ। ਮੁਲਜ਼ਮਾਂ ਵਿੱਚ ਮੁਹੰਮਦ ਮੁਸਤਫ਼ਾ, ਰਜ਼ੀਆ ਸੁਲਤਾਨਾ, ਮ੍ਰਿਤਕ ਦੀ ਪਤਨੀ ਤੇ ਭੈਣ ਦੇ ਨਾਮ ਸ਼ਾਮਲ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
