ਓਟਾਵਾ (sekha) :ਆਪਣੇ ਸਾਲਾਨਾ ਕ੍ਰਿਸਮਸ ਸੰਦੇਸ਼ ਵਿਚ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਾਸੀਆਂ ਨੂੰ ਕ੍ਰਿਸਮਸ ਦੀ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਕੈਨੇਡੀਅਨਜ਼ ਨੂੰ ਮਤਭੇਦਾਂ ਅਤੇ ਵਖਰੇਵਿਆਂ ਨੂੰ ਭੁਲਾ ਕੇ ਇਸ ਦੂਸਰੇ ਦੇ ਨਾਲ ਰਲ਼ ਕੇ ਰਹਿਣਾ ਚਾਹੀਦਾ ਹੈ। ਟਰੂਡੋ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਕੈਨੇਡੀਅਨਜ਼ ਨੂੰ ਆਪਣੇ ਗੁਆਂਢੀਆਂ ਨੂੰ ਵੀ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਖ਼ੁਦ ਨੂੰ ਕਰਦੇ ਹਨ। ਉਨ੍ਹਾਂ ਨੇ ਕੈਨੇਡੀਅਨਜ਼ ਨੂੰ ਮੁਸ਼ਕਿਲ ਸਮਿਆਂ ਚੋਂ ਲੰਘ ਰਹੇ ਲੋਕਾਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਕ੍ਰਿਸਮਸ ਮੌਕੇ ਭਾਵੇਂ ਈਸਾਈ ਲੋਕ ਯਿਸੂ ਮਸੀਹ ਦੇ ਜਨਮ ਦਾ ਜਸ਼ਨ ਮਨਾ ਰਹੇ ਹਨ, ਪਰ ਇਸ ਦਿਨ ਨਾਲ ਜੁੜੀਆਂ ਦਇਆ, ਭਲਾਈ ਅਤੇ ਉਮੀਦ ਦੀਆਂ ਕਦਰਾਂ-ਕੀਮਤਾਂ ਸਾਰਿਆਂ ਲਈ ਹਨ। ਟਰੂਡੋ ਨੇ ਮਿਲਿਟਰੀ, ਫ਼ਸਟ ਰਿਸਪੌਂਡਰਜ਼ ਅਤੇ ਵੁਲੰਟੀਅਰਜ਼ ਦਾ ਖ਼ਾਸ ਤੌਰ ‘ਤੇ ਧੰਨਵਾਦ ਕਰਦਿਆਂ ਆਖਿਆ ਕਿ ਇਹ ਲੋਕ ਕਿਸੇ ਹੋਰ ਦੀਆਂ ਛੁੱਟੀਆਂ ਬਿਹਤਰ ਬਣਾਉਣ ਲਈ ਆਪਣਾ ਕੀਮਤੀ ਸਮਾਂ ਦਿੰਦੇ ਹਨ।
ਪ੍ਰਧਾਨ ਮੰਤਰੀ ਟਰੂਡੋ ਨੇ ਕੈਨੇਡੀਅਨਜ਼ ਨੂੰ ਨਵੇਂ ਸਾਲ ਦੇ ਮੌਕੇ ਵੀ ਮੁਲਕ ਅਤੇ ਦੁਨੀਆ ਨੂੰ ਬਿਹਤਰ ਅਤੇ ਰੌਸ਼ਨ ਬਣਾਉਣ ਦੀ ਸੱਦਾ ਦਿੱਤਾ।