ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਭਲਕੇ 13 ਅਕਤੂਬਰ ਤੋਂ ਭਾਰਤ ਦੇ ਦੌਰੇ ’ਤੇ ਪਹੁੰਚ ਰਹੇ ਹਨ। ਇਸ ਦੌਰੇ ਦੌਰਾਨ ਉਨ੍ਹਾਂ ਦੀ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਹੋਵੇਗੀ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ, ਵਪਾਰ ਵਧਾਉਣ ਅਤੇ ਸੁਰੱਖਿਆ ਤੇ ਊਰਜਾ ਦੇ ਖੇਤਰਾਂ ਵਿੱਚ ਸਹਿਯੋਗ ਬਾਰੇ ਗੱਲਬਾਤ ਕੀਤੀ ਜਾਵੇਗੀ। ਭਾਰਤ ਤੋਂ ਬਾਅਦ ਅਨੀਤਾ ਆਨੰਦ ਸੰਯੁਕਤ ਅਰਬ ਅਮੀਰਾਤ (ਯੂਏਈ) ਜਾਣਗੇ। ਉਨ੍ਹਾਂ ਦਾ ਇਹ ਦੌਰਾ 16 ਅਕਤੂਬਰ ਤੱਕ ਚੱਲੇਗਾ।
ਕੈਨੇਡਾ ਦੇ ਵਿਦੇਸ਼ ਮੰਤਰਾਲੇ ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਦੌਰੇ ਦਾ ਮੁੱਖ ਮਕਸਦ ਭਾਰਤ ਅਤੇ ਯੂਏਈ ਨਾਲ ਕੈਨੇਡਾ ਦੇ ਸਬੰਧਾਂ ਨੂੰ ਅੱਗੇ ਵਧਾਉਣਾ ਹੈ। ਭਾਰਤ ਨਾਲ ਗੱਲਬਾਤ ਦੌਰਾਨ ਵਪਾਰ, ਊਰਜਾ, ਰੱਖਿਆ ਅਤੇ ਸੁਰੱਖਿਆ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਦੇ ਮੁੱਦੇ ਵੀ ਵਿਚਾਰੇ ਜਾਣਗੇ।
ਅਨੀਤਾ ਆਨੰਦ ਅਤੇ ਐੱਸ. ਜੈਸ਼ੰਕਰ ਦੀ ਇਹ ਮੁਲਾਕਾਤ ਇਸ ਲਈ ਵੀ ਅਹਿਮ ਹੈ ਕਿਉਂਕਿ ਸਤੰਬਰ 2025 ਤੋਂ ਬਾਅਦ ਦੋਵਾਂ ਆਗੂਆਂ ਦੀ ਇਹ 11ਵੀਂ ਮੁਲਾਕਾਤ ਹੋਵੇਗੀ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਸਮੇਂ ਦੌਰਾਨ ਬਣੇ ਤਣਾਅ ਤੋਂ ਬਾਅਦ ਉੱਚ ਪੱਧਰ ’ਤੇ ਲਗਾਤਾਰ ਹੋ ਰਹੀ ਗੱਲਬਾਤ ਨੂੰ ਸਬੰਧਾਂ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ।
ਆਪਣੀ ਭਾਰਤ ਫੇਰੀ ਦੌਰਾਨ ਅਨੀਤਾ ਆਨੰਦ ਨਵੀਂ ਦਿੱਲੀ ਵਿੱਚ ਹੋਣ ਵਾਲੇ ਬਲੂਮਬਰਗ ਨਿਊ ਇਕਾਨਮੀ ਫੋਰਮ ਵਿੱਚ ਵੀ ਹਿੱਸਾ ਲੈਣਗੇ। ਇੱਥੇ ਉਹ ਬਦਲਦੀ ਵਿਸ਼ਵ ਵਿਵਸਥਾ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਮੱਧ ਸ਼ਕਤੀਆਂ ਦੀ ਭੂਮਿਕਾ ਬਾਰੇ ਪੈਨਲ ਚਰਚਾ ਵਿੱਚ ਸ਼ਾਮਲ ਹੋਣਗੇ। ਇਸ ਮੰਚ ’ਤੇ ਕੈਨੇਡਾ ਦੀ ਭਾਰਤ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨਾਲ ਸਾਂਝ ਮਜ਼ਬੂਤ ਕਰਨ ਦੀ ਨੀਤੀ ਵੀ ਸਾਹਮਣੇ ਆਵੇਗੀ।
ਕੈਨੇਡਾ ਵਿੱਚ ਵੱਸਦੇ ਭਾਰਤੀ ਖ਼ਾਸ ਕਰਕੇ ਪੰਜਾਬੀ ਭਾਈਚਾਰੇ, ਦੇ ਦੋਵਾਂ ਦੇਸ਼ਾਂ ਨਾਲ ਜੁੜੇ ਸਮਾਜਿਕ ਅਤੇ ਆਰਥਿਕ ਰਿਸ਼ਤਿਆਂ ਨੂੰ ਦੇਖਦਿਆਂ ਲੋਕਾਂ ਵਿਚਾਲੇ ਸੰਪਰਕ ਵੀ ਅਹਿਮ ਵਿਸ਼ਾ ਹੈ। ਸਿੱਖਿਆ, ਸੱਭਿਆਚਾਰ ਅਤੇ ਲੋਕਾਂ ਦੀ ਆਵਾਜਾਈ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ।
ਭਾਰਤ ਤੋਂ ਬਾਅਦ ਯੂਏਈ ਵਿੱਚ ਅਨੀਤਾ ਆਨੰਦ ਉੱਥੋਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇੱਥੇ ਵਪਾਰਕ ਸਬੰਧਾਂ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਅਤੇ ਖੇਤਰੀ ਸ਼ਾਂਤੀ ਤੇ ਸੁਰੱਖਿਆ ਬਾਰੇ ਵਿਚਾਰ-ਵਟਾਂਦਰਾ ਹੋਵੇਗਾ।
ਅਨੀਤਾ ਆਨੰਦ ਦਾ ਇਹ ਦੌਰਾ ਕੈਨੇਡਾ ਲਈ ਦੋ ਅਹਿਮ ਖੇਤਰਾਂ ਵਿੱਚ ਆਪਣੇ ਸਬੰਧ ਮਜ਼ਬੂਤ ਕਰਨ ਦਾ ਮੌਕਾ ਹੈ। ਪਰ ਭਾਰਤ ਦੇ ਸੰਦਰਭ ਵਿੱਚ ਇਸ ਦੌਰੇ ਦੀ ਅਸਲ ਅਹਿਮੀਅਤ ਇਸ ਗੱਲ ਨਾਲ ਤੈਅ ਹੋਵੇਗੀ ਕਿ ਗੱਲਬਾਤ ਸਿਰਫ਼ ਕੂਟਨੀਤਕ ਮੁਲਾਕਾਤਾਂ ਤੱਕ ਸੀਮਤ ਰਹਿੰਦੀ ਹੈ ਜਾਂ ਵਪਾਰ, ਸੁਰੱਖਿਆ ਅਤੇ ਦੁਵੱਲੇ ਸਹਿਯੋਗ ਵਿੱਚ ਨਵੀਂ ਤਰੱਕੀ ਦਾ ਰਾਹ ਵੀ ਖੋਲ੍ਹਦੀ ਹੈ।
