ਟੋਰਾਂਟੋ : ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਗੁਲਾਮ ਬਣਾਏ ਜਾਣ ਦੇ ਦੋਸ਼ਾਂ ਤੋਂ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਭੜਕ ਉਠੇ ਅਤੇ ਦਾਅਵਾ ਕੀਤਾ ਕਿ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਵਿਚ ਕੋਈ ਵੱਡੀ ਕਮੀ ਨਹੀਂ ਪਰ ਫਿਰ ਵੀ ਇਸ ਵਿਚ ਸੁਧਾਰ ਕੀਤੇ ਜਾਣ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਬਾਰੇ ਟਿੱਪਣੀ ਕਰਦਿਆਂ ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ‘ਗੁਲਾਮ’ ਸ਼ਬਦ ਦੀ ਵਰਤੋਂ ਬੇਹੱਦ ਭੜਕਾਊ ਹੈ ਅਤੇ ਕੁਝ ਕਮੀਆਂ ਦੇ ਆਧਾਰ ’ਤੇ ਪੂਰੇ ਇੰਮੀਗ੍ਰੇਸ਼ਨ ਪ੍ਰੋਗਰਾਮ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਇੰਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਕੁਝ ਮਾਮਲਿਆਂ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਧੱਕੇਸ਼ਾਹੀ ਦੇ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੂਰੇ ਪ੍ਰੋਗਰਾਮ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣਾ ਪੂਰੀ ਤਰ੍ਹਾਂ ਗੈਰਵਾਜਬ ਹੈ।
ਮਾਰਕ ਮਿਲਰ ਨੇ ਮੰਨਿਆ ਕਿ ਕਿਸੇ ਵੀ ਮੁਲਾਜ਼ਮ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ 2016 ਵਿਚ 15,817 ਆਰਜ਼ੀ ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਅਤੇ ਸਾਲ 2023 ਤੱਕ ਇਹ ਅੰਕੜਾ ਵਧ ਕੇ 83,654 ਹੋ ਗਿਆ। ਕੋਰੋਨਾ ਮਹਾਂਮਾਰੀ ਮਗਰੋਂ ਕਾਮਿਆਂ ਦੀ ਕਿੱਲਤ ਨੂੰ ਵੇਖਦਿਆਂ 2022 ਵਿਚ ਦਰਵਾਜ਼ੇ ਖੋਲ੍ਹ ਦਿਤੇ ਗਏ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 2016 ਦੇ ਮੁਕਾਬਲੇ ਛੇ ਗੁਣਾ ਤੱਕ ਵਧ ਗਈ। ਦੂਜੇ ਪਾਸੇ ਕਿਰਤ ਮੰਤਰਾਲੇ ਦੇ ਬੁਲਾਰੇ ਮੈਥਿਸ ਡੈਨਿਸ ਨੇ ਕਿਹਾ ਕਿ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ ਵਿਚ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਹਨ। ਇਸੇ ਦੌਰਾਨ ਆਰਥਿਕ ਮਾਹਰ ਮਾਈਕ ਮੋਫਤ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਆਰਜ਼ੀ ਵਿਦੇਸ਼ੀ ਕਾਮਿਆਂ ਰਾਹੀਂ ਐਗਰੀਕਲਚਰ ਸੈਕਟਰ ਸਣੇ ਹੋਰ ਕਈ ਖੇਤਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ ਪਰ ਘੱਟ ਉਜਰਤ ਦਰਾਂ ਨੂੰ ਬਹੁਤ ਜ਼ਿਆਦਾ ਘਟਾਇਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਹੈਰਾਨਕੁੰਨ ਦਾਅਵਾ ਕੀਤਾ ਗਿਆ ਕਿ ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਆਧੁਨਿਕ ਦੌਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ।