ਟੋਰਾਂਟੋ : ਭਾਰਤ ਸਰਕਾਰ ਵੱਲੋਂ ਵੀਜ਼ਾ ਰੋਕਾਂ ਹਟਾਏ ਜਾਣ ਦੇ ਬਾਵਜੂਦ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਆਪਣੇ ਜੱਦੀ ਮੁਲਕ ਜਾਣ ਵਾਸਤੇ ਜੂਝਣਾ ਪੈ ਰਿਹਾ ਹੈ। ਜੀ ਹਾਂ, ਭਾਰਤ ਵਿਚ ਜੰਮੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਅਤੇ ਓ.ਸੀ.ਆਈ. ਕਾਰਡ ਲੈਣ ਵਾਸਤੇ ‘ਸਰੰਡਰ ਸਰਟੀਫਿਕੇਟ’ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਵੇਲੇ ਸਰੰਡਰ ਸਰਟੀਫਿਕੇਟ ਜਾਰੀ ਹੋਣ ਵਿਚ ਲੰਮਾਂ ਸਮਾਂ ਲੱਗ ਰਿਹਾ ਹੈ। ‘ਸਿਟੀ ਨਿਊਜ਼’ ਦੀ ਰਿਪੋਰਟ ਮੁਤਾਬਕ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਅਰਜ਼ੀਆਂ ਦੀ ਗਿਣਤੀ ਵਧਣ ਕਾਰਨ ਨਿਪਟਾਰੇ ਦਾ ਸਮਾਂ ਸਾਧਾਰਣ ਨਾਲੋਂ ਜ਼ਿਆਦਾ ਹੋ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਭਾਰਤ ਸਰਕਾਰ ਵੱਲੋਂ 21 ਸਤੰਬਰ ਨੂੰ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਪੂਰੀ ਤਰ੍ਹਾਂ ਬੰਦ ਕਰ ਦਿਤੇ ਗਏ।
25 ਅਕਤੂਬਰ ਨੂੰ ਚਾਰ ਸ਼੍ਰੇਣੀਆਂ ਵਿਚ ਵੀਜ਼ੇ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਤਾਂ ਹੋਈ ਪਰ ਈ-ਵੀਜ਼ਾ ਯੋਜਨਾ ਹੁਣ ਵੀ ਬੰਦ ਹੈ ਅਤੇ ਅਜਿਹੇ ਵਿਚ ਸਾਧਾਰਣ ਵੀਜ਼ਾ ਲੈਣ ਵਾਸਤੇ ਸਰੰਡਰ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪੈਂਦਾ ਹੈ। ਸੰਜੇ ਕੁਮਾਰ ਵਰਮਾ ਨੇ ਈਮੇਲ ਰਾਹੀਂ ਭੇਜੇ ਬਿਆਨ ਵਿਚ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੈਨੇਡਾ ਸਣੇ ਕਈ ਮੁਲਕਾਂ ਦੇ ਲੋਕਾਂ ਨੂੰ ਈ-ਵੀਜ਼ਾ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਸਤੰਬਰ ਮਹੀਨੇ ਦੌਰਾਨ ਕੈਨੇਡੀਅਨ ਨਾਗਰਿਕ ਵਾਸਤੇ ਹਰ ਕਿਸਮ ਦੇ ਵੀਜ਼ੇ ਜਾਰੀ ਕਰਨ ਦੀ ਪ੍ਰਕਿਰਿਆ ਮੁਲਤਵੀ ਕਰ ਦਿਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਵੀਜ਼ਾ ਨਾਲ ਸਬੰਧਤ ਫੈਸਲੇ ਸਬੰਧਤ ਮੁਲਕਾਂ ਦੀ ਖੁਦਮੁਖਤਿਆਰੀ ਅਧੀਨ ਆਉਂਦੇ ਹਨ। ਅਜਿਹੇ ਵਿਚ ਭਾਰਤ ਵੀਜ਼ਾ ਹਾਸਲ ਕਰਨ ਦੇ ਇੱਛਕ ਕੈਨੇਡੀਅਨ ਨਾਗਰਿਕਾਂ ਨੂੰ ਸੁਝਾਅ ਦਿਤਾ ਜਾਂਦਾ ਹੈ ਕਿ ਉਹ ਅਗਾਊਂ ਤੌਰ ’ਤੇ ਆਪਣੀ ਅਰਜ਼ੀ ਦਾਖਲ ਕਰਨ ਅਤੇ ਭਾਰਤੀ ਵੀਜ਼ਾ ਹੱਥ ਵਿਚ ਆਉਣ ਤੋਂ ਪਹਿਲਾਂ ਜਹਾਜ਼ ਦੀਆਂ ਟਿਕਟਾਂ ਨਾ ਖਰੀਦਣ। ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਚਾਹੀਦਾ ਹੈ ਕਿ ਭਵਿੱਖ ਦੇ ਸਫਰ ਵਾਸਤੇ ਉਹ ਜਲਦ ਤੋਂ ਜਲਦ ਓ.ਸੀ.ਆਈ. ਕਾਰਡ ਦੀ ਅਰਜ਼ੀ ਜਮ੍ਹਾਂ ਕਰਵਾਉਣ।