ਟੋਰਾਂਟੋ : ਉਨਟਾਰੀਓ ਵਿਚ ਇਕ ਔਰਤ ਦੇ ਕਤਲ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਫਰਾਰ ਹੋ ਕੇ ਭਾਰਤ ਚਲਾ ਗਿਆ ਹੈ। ਡਰਹਮ ਪੁਲਿਸ ਵੱਲੋਂ 31 ਸਾਲ ਦੇ ਲਾਲ ਕੰਨਮਪੂਜ਼ਾ ਵਿਰੁੱਧ ਕੈਨੇਡਾ ਪੱਧਰੀ ਵਾਰੰਟ ਜਾਰੀ ਕਰ ਦਿਤੇ ਗਏ। ਪੁਲਿਸ ਨੇ ਦੱਸਿਆ ਕਿ ਬੀਤੀ 7 ਮੲਂ ਨੂੰ ਓਸ਼ਾਵਾ ਦੇ ਪਾਰਕ ਰੋਡ ਨੌਰਥ ਇਲਾਕੇ ਵਿਚ ਰੀਡੋ ਸਟ੍ਰੀਟ ਅਤੇ ਸਗੰਨੇ ਐਵੇਨਿਊ ਨੇੜੇ ਇਕ ਘਰ ਵਿਚ ਡੌਨਾ ਸਾਜਨ ਦਾ ਕਤਲ ਕਰ ਦਿਤਾ ਗਿਆ।
ਡਰਹਮ ਰੀਜਨਲ ਪੁਲਿਸ ਨੇ ਕੈਨੇਡਾ ਪੱਧਰੀ ਵਾਰੰਟ ਕੀਤੇ ਜਾਰੀ
ਮਾਮਲੇ ਦੀ ਪੜਤਾਲ ਕਰਦਿਆਂ ਡੌਨਾ ਸਾਜਨ ਅਤੇ ਲਾਲ ਕੰਨਮਪੂਜ਼ਾ ਦੇ ਸਬੰਧਾਂ ਬਾਰੇ ਪਤਾ ਲੱਗਾ। ਫਿਲਹਾਲ ਪੁਲਿਸ ਵੱਲੋਂ ਡੌਨਾ ਸਾਜਨ ਦੀ ਮੌਤ ਦੇ ਕਾਰਨਾਂ ਬਾਰੇ ਵਿਸਤਾਰਤ ਜਾਣਕਾਰੀ ਨਹੀਂ ਦਿਤੀ ਗਈ ਅਤੇ ਨਾ ਹੀ ਲਾਲ ਕੰਨਮਪੂਜ਼ਾ ਨਾਲ ਰਿਸ਼ਤੇ ਬਾਰੇ ਸਪੱਸ਼ਟ ਤੌਰ ’ਤੇ ਕੋਈ ਜ਼ਿਕਰ ਕੀਤਾ ਗਿਆ ਹੈ।
ਡਰਹਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲਾਲ ਕੰਨਮਪੂਜ਼ਾ ਇਸ ਵੇਲੇ ਭਾਰਤ ਵਿਚ ਹੋ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਤਲ ਦੇ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 1-888-579-1520 ਐਕਸਟੈਨਸ਼ਨ 5413 ’ਤੇ ਸੰਪਰਕ ਕੀਤਾ ਜਾ ਸਕਦਾ ਹੈ।