ਓਟਾਵਾ (sekha) ਇਸ ਸਾਲ ਪਹਿਲੀ ਅਕਤੂਬਰ ਤੋਂ ਨੈਕਸਸ ਟ੍ਰੈਵਲ ਪ੍ਰੋਗਰਾਮ ਲਈ ਅਪਲਾਈ ਕਰਨ ਦੀ ਫ਼ੀਸ 50 ਅਮਰੀਕੀ ਡਾਲਰ ਤੋਂ ਵਧ ਕੇ 120 ਅਮਰੀਕੀ ਡਾਲਰ ਕਰ ਦਿੱਤੀ ਜਾਵੇਗੀ। ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਮੁਤਾਬਕ ਮੌਜੂਦਾ 50 ਅਮਰੀਕੀ ਡਾਲਰ ਦੀ ਫ਼ੀਸ ਦੋ ਦਹਾਕੇ ਪਹਿਲਾਂ ਨਿਰਧਾਰਿਤ ਕੀਤੀ ਗਈ ਸੀ ਅਤੇ ਇਹ ਫ਼ੀਸ ਇਸ ਪ੍ਰੋਗਰਾਮ ਦੇ ਪ੍ਰਬੰਧਨ ਦੀ ਲਾਗਤ ਵੀ ਪੂਰੀ ਨਹੀਂ ਕਰਦੀ।
ਨੈਕਸਸ ਟ੍ਰੈਵਲ ਪ੍ਰੋਗਰਾਮ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕੀਤਾ ਗਿਆ ਇੱਕ ਪ੍ਰੋਗਰਾਮ ਹੈ ਜਿਸ ਤਹਿਤ ਭਰੋਸੇਯੋਗ ਯਾਤਰੀ ਕੈਨੇਡਾ ਜਾਂ ਅਮਰੀਕਾ ਵਿਚ ਦਾਖ਼ਲ ਹੋਣ ਲੱਗਿਆਂ ਦੋਹਵੇਂ ਮੁਲਕਾਂ ਦੀ ਸਰਹੱਦ ਤੇ ਲੱਗੀਆਂ ਲੰਮੀਆਂ ਕਤਾਰਾਂ ਤੋਂ ਬਚ ਜਾਂਦੇ ਹਨ। ਜਿਨ੍ਹਾਂ ਯਾਤਰੀਆਂ ਕੋਲ ਨੈਕਸਸ ਕਾਰਡ ਹੁੰਦੇ ਹਨ ਉਹਨਾਂ ਲਈ ਏਅਰਪੋਰਟ ਅਤੇ ਕਸਟਮਜ਼ ਉੱਤੇ ਇੱਕ ਵੱਖਰੀ ਲੇਨ ਰਾਖਵੀਂ ਹੁੰਦੀ ਹੈ।
ਏਜੰਸੀ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨਵੀਂ ਵਧਾਈ ਗਈ ਫ਼ੀਸ ਇਸ ਪ੍ਰੋਗਰਾਮ ਦੇ ਪ੍ਰਬੰਧਨ ਦੀ ਲਾਗਤ ਦੀ ਭਰਪਾਈ ਕਰਨ ਦੇ ਨਾਲ ਟੈਕਨਾਲੋਜੀ ਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਸਮੇਤ ਭਵਿੱਖ ਦੇ ਪ੍ਰੋਗਰਾਮ ਸੁਧਾਰਾਂ ਲਈ ਲੋੜੀਂਦੇ ਨਿਵੇਸ਼ ਨੂੰ ਵਧੇਰੇ ਸਹੀ ਢੰਗ ਨਾਲ ਦਰਸਾਏਗੀ।
ਕੈਨੇਡਾ ਦੀ ਧਰਤੀ ‘ਤੇ ਅਮਰੀਕੀ ਏਜੰਟਾਂ ਦੇ ਬੰਦੂਕਾਂ ਰੱਖਣ ਦੇ ਅਧਿਕਾਰ ਨੂੰ ਲੈ ਕੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਇੱਕ ਸਾਲ ਤੱਕ ਚੱਲੇ ਅੜਿੱਕੇ ਤੋਂ ਬਾਅਦ ਪਿਛਲੇ ਸਾਲ ਇਹ ਪ੍ਰੋਗਰਾਮ ਕੈਨੇਡਾ ਵਿੱਚ ਪੂਰੀ ਤਰ੍ਹਾਂ ਦੁਬਾਰਾ ਖੋਲ੍ਹਿਆ ਗਿਆ ਸੀ। ਇਸ ਅੜਿੱਕੇ ਵਿਚ ਇੱਕ ਸਮਝੌਤਾ ਕੀਤਾ ਗਿਆ ਸੀ ਜਿਸ ਤਹਿਤ ਕੈਨੇਡੀਅਨ ਬਾਰਡਰ ਏਜੰਟਾਂ ਨੂੰ ਅੱਠ ਕੈਨੇਡੀਅਨ ਹਵਾਈ ਅੱਡਿਆਂ ‘ਤੇ ਅਮਰੀਕੀ ਏਜੰਟਾਂ ਤੋਂ ਵੱਖ, ਨੈਕਸਸ ਬਿਨੈਕਾਰਾਂ ਦੀ ਇੰਟਰਵਿਊ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਕੋਵਿਡ 19 ਦੀ ਮਹਾਂਮਾਰੀ ਤੋਂ ਪਹਿਲਾਂ ਦੋਵੇਂ ਮੁਲਕਾਂ ਦੇ ਅਧਿਕਾਰੀ ਸਾਂਝੀ ਇੰਟਰਵਿਊ ਕਰਦੇ ਸਨ।
ਕੈਨੇਡਾ ਬਾਰਡਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਪੰਜ ਲੱਖ ਤੋਂ ਵੱਧ ਅਰਜ਼ੀਆਂ ਹਾਸਲ ਹੋਈਆਂ ਹਨ। ਏਜੰਸੀ ਅਨੁਸਾਰ ਫੀਸ ਵਿੱਚ ਵਾਧਾ ਇਸ ਵਧੀ ਹੋਈ ਮੰਗ ਦੀ ਪੂਰਤੀ ਵਿੱਚ ਮਦਦ ਕਰੇਗਾ। 2002 ਵਿਚ ਦੋਹਵਾਂ ਮੁਲਕਾਂ ਵਲੋਂ ਸਾਂਝੇ ਤੌਰ ਤੇ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਤਹਿਤ ਹੁਣ ਤੱਕ 18 ਲੱਖ ਤੋਂ ਵਧੇਰੇ ਲੋਕ ਨੈਕਸਸ ਕਾਰਡ ਬਣਵਾ ਚੁੱਕੇ ਹਨ।
ਬਾਰਡਰ ਅਧਿਕਾਰੀਆਂ ਨੇ ਕਿਹਾ ਕਿ ਉਹ ਪਹਿਲੀ ਅਕਤੂਬਰ ਨੂੰ ਫੀਸ ਵਾਧਾ ਲਾਗੂ ਹੋਣ ਤੋਂ ਪਹਿਲਾਂ ਨਵੀਆਂ ਅਰਜ਼ੀਆਂ ਵਿੱਚ ਵਾਧੇ ਦੀ ਉਮੀਦ ਕਰਦੇ ਹਨ ਅਤੇ ਬਿਨੈਕਾਰਾਂ ਨੂੰ ਜਲਦੀ ਤੋਂ ਜਲਦੀ ਇੰਟਰਵਿਊ ਬੁੱਕ ਕਰਨ ਦੀ ਸਲਾਹ ਦਿੱਤੀ ਗਈ ਹੈ।