* ਅਜੇ ਚਲਦੀ ਰਹੇਗੀ ਲਿਬਰਲ ਦੀ ਘੱਟ ਗਿਣਤੀ ਸਰਕਾਰ
* ਬਲਾਕ ਕਿਊਬੈੱਕ ਨੇ ਦੋ ਬਿੱਲ (C319 and C282) ਲਾਗੂ ਕਰਨ ਲਈ ਟਰੂਡੋ ਸਰਕਾਰ ਨੂੰ ਦਿੱਤਾ 29 ਅਕਤੂਬਰ ਤੱਕ ਦਾ ਸਮਾਂ

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) – ਕੈਨੇਡਾ ਸੰਸਦ ਦੇ ਪੱਤਝੜ ਰੁੱਤ ਦੇ ਇਜਲਾਸ ਦੌਰਾਨ ਕਈ ਦਿਨ ਚੱਲੀ ਸਿਆਸੀ ਗਰਮਾ-ਗਰਮੀ ਤੋਂ ਬਾਅਦ ਅੱਜ ਕੈਨੇਡਾ ਸੰਸਦ ‘ਚ ਮੁੱਖ ਵਿਰੋਧੀ ਦੀ ਪਾਰਟੀ ਕਜ਼ੰਰਵੇਟਿਵ ਦਾ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਖਿਲਾਫ਼ ਪੇਸ਼ ਕੀਤਾ ਗਿਆ ਬੇਭਰੋਸਗੀ ਦਾ ਮਤਾ 211-120 ਨਾਲ ਨਾਕਾਮ ਰਿਹਾ । ਭਾਵ ਮਤੇ ਦੇ ਹੱਕ ‘ਚ 120 ਅਤੇ ਵਿਰੋਧ ‘ਚ 211 ਵੋਟਾਂ ਪਈਆਂ। ਭਾਵੇਂ ਕਿ ਐਨ. ਡੀ.ਪੀ ਅਤੇ ਬਲਾਕ ਕਿਊਬੈੱਕ ਪਾਰਟੀਆਂ ਵੱਲੋਂ ਬੇਭਰੋਸਗੀ ਮਤੇ ਦਾ ਵਿਰੋਧ ਕਰਕੇ ਅਸਿੱਧੇ ਰੂਪ ‘ਚ ਲਿਬਰਲ ਸਰਕਾਰ ਨੂੰ ਚਲਦਾ ਰੱਖਣ ਦੀ ਹਰੀ ਝੰਡੀ ਦੀ ਦਿੱਤੀ ਹੈ ਪਰ ਬਲਾਕ ਕਿਊਬੈੱਕ ਵੱਲੋਂ ਟਰੂਡੋ ਸਰਕਾਰ ਅੱਗੇ ਆਪਣੇ ਦੋ ਬਿੱਲਾਂ ਨੂੰ ਪਾਸ ਕਰਨ ਦੀ ਸ਼ਰਤ ਵੀ ਰੱਖ ਦਿੱਤੀ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਟਰੂਡੋ ਸਰਕਾਰ ਨੂੰ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ।

ਦੱਸਣਯੋਗ ਹੈ ਕਿ ਸਤਾਧਾਰੀ ਲਿਬਰਲ ਦੀ ਸਿਆਸੀ ਸਹਿਯੋਗੀ ਪਾਰਟੀ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਨੂੰ ਪੂਰਾ ਅਰਸਾ ਚਲਦਾ ਰੱਖਣ ਲਈ ਸ਼ਰਤਾਂ ਸਹਿਤ ਸਮਰਥਨ ਦੇਣ ਦਾ ਜੋ ਸਮਝੌਤਾ ਕੀਤਾ ਗਿਆ ਸੀ, ਨੂੰ ਬੀਤੇ ਦਿਨੀਂ ਤੋੜ ਦਿੱਤਾ ਸੀ ਅਤੇ ਕਿਹਾ ਸੀ ਕਿ ਹੁਣ ਐਨ.ਡੀ.ਪੀ..ਲਿਬਰਲ ਸਰਕਾਰ ਨੂੰ ਭਵਿੱਖ ‘ਚ ਅਜਿਹੇ ਕਿਸੇ ਵੀ ਮਾਮਲੇ ‘ਤੇ ਸਮਰਥਨ ਨਹੀਂ ਦੇਵੇਗੀ ਜੋ ਉਹਨਾਂ ਦੀ ਪਾਰਟੀ ਦੀ ਨੀਤੀ ਦੇ ਅਨੁਕੂਲ ਨਾ ਹੋਵੇ ।

ਅੱਜ ਬੈਭਰੋਸਗੀ ਦਾ ਮਤਾ ਕਜ਼ੰਰਵੇਟਿਵ ਆਗੂ ਪੀਅਰ ਪੋਲੀਏਵਰ ਵੱਲੋਂ ਟਰੂਡੋ ਸਰਕਾਰ ਵੱਲੋਂ ਲਗਾਏ ਕਾਰਬਨ ਟੈਕਸ ਨੂੰ ਲੈ ਲਿਆਂਦਾ ਗਿਆ ਸੀ ਅਤੇ ਸਮੇਂ ਤੋਂ ਪਹਿਲਾਂ ਟਰੂਡੋ ਸਰਕਾਰ ਨੂੰ ਚਲਦਾ ਕਰਨ ਅਤੇ ਫੈਡਰਲ ਚੋਣਾਂ ਕਰਵਾਉਣ ਲਈ ਕੈਨੇਡਾ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਦਾ ਇਸ ਮਤੇ ਦੇ ਹੱਕ ‘ਚ ਸਮਰਥਨ ਵੀ ਮੰਗਿਆ ਸੀ ਪਰ ਐਨ.ਡੀ.ਪੀ ਅਤੇ ਬਲਾਕ ਕਿਊਬੈੱਕ ਪਾਰਟੀ ਵੱਲੋਂ ਪੀਅਰ ਪੋਲੀਏਵਰ ਦੇ ਉਕਤ ਮਤੇ ਨੂੰ ਸਮਰਥਨ ਨਾ ਦੇਣ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਸਮੇਂ ਤੋਂ ਪਹਿਲਾਂ ਟਰੂਡੋ ਸਰਕਾਰ ਨੂੰ ਡੇਗ ਕਿ ਚੋਣਾਂ ਕਰਵਾਉਣ ਦੀ ਬਜਾਏ ਆਪੋ-ਆਪੋ ਪਾਰਟੀ ਦੀਆਂ ਨੀਤੀਆਂ ਦੇ ਫੈਸਲੇ ਲਾਗੂ ਕਰਵਾਉਣ ਲਈ ਸਰਕਾਰ ‘ਤੇ ਦਬਾਅ ਬਣਾਉਣਗੇ ।

ਅੱਜ ਬੇਭਰੋਸਗੀ ਮਤੇ ‘ਤੇ ਵੋਟਾਂ ਪੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਏਵਰ ਦਰਮਿਆਨ ਸੰਸਦ ‘ਚ ਤਿੱਖੀ ਬਹਿਸ ਹੋਈ ਜਿਸ ਦਰਮਿਆਨ ਜਿਥੇ ਪੀਅਰ ਪੋਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਉਹ ਕੈਨੇਡੀਅਨ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਕਾਰਬਨ ਟੈਕਸ ਵਾਂਗ ਕਈ ਗੈਰ-ਵਾਜ਼ਬ ਟੈਕਸ ਲਗਾ ਰਹੇ ਹਨ ਅਤੇ ਲੋਕਾਂ ਦੀ ਆਰਥਿਕ ਸਮਰੱਥਾ ਅਤੇ ਘਰਾਂ ਦੀ ਘਾਟ ਦੀ ਸਮੱਸਿਆ ਹੱਲ ਕਰਨ ‘ਚ ਬੁਰੀ ਤਰ੍ਹਾਂ ਫੇਲ ਹੋਏ ਹਨ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੀਅਰ ਪੋਲੀਵੀਅਰ ਦਾ ਜਵਾਬ ਦਿੰਦਿਆਂ ਕਿਹਾ ਕਿ ਪੋਲੀਏਵਰ ਕੇਵਲ ਸਿਆਸੀ ਇੱਛਾ ਤਹਿਤ ਜ਼ਲਦੀ ਚੋਣਾਂ ਕਰਵਾਉਣ ਲਈ ਕਾਹਲੇ ਹਨ , ਉਹਨਾਂ ਦੀ ਕੈਨੇਡੀਅਨ ਲੋਕਾਂ ਦੇ ਭਲੇ ‘ਚ ਕੋਈ ਦਿਲਚਸਪੀ ਨਹੀਂ ਹੈ ।

ਭਾਵੇਂ ਕਿ ਫਿਲਹਾਲ ਟਰੂਡੋ ਸਰਕਾਰ ਪਹਿਲੇ ਸਿਆਸੀ ਸੰਕਟ ‘ਚੋਂ ਵਾਲ ਵਾਲ ਬਚ.ਗਈ ਹੈ ਪਰ ਆਉਣ ਵਾਲੇ ਸਮੇਂ ‘ਚ ਲਿਬਰਲ ਸਰਕਾਰ ‘ਤੇ ਸੰਕਟ ਦੇ ਬਦਲ ਮੰਡਰਾਏ ਰਹਿਣ ਦੀ ਸੰਭਾਵਨਾ ਹੈ ਕਿਉਕਿ ਜਿਥੇ ਬਲਾਕ ਕਿਊਬੈੱਕ ਨੇ ਟਰੂਡੋ ਸਰਕਾਰ ਨੂੰ ਆਪਣੇ ਸੀਨੀਅਰ ਸਿਟੀਜ਼ਨ ਪੈਨਸ਼ਨ ‘ਚ ਵਾਧੇ ਦੇ ਬਿੱਲ C-319 ਨੂੰ ਪਾਸ ਕਰਨ ਦਾ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਉਥੇ ਜਗਮੀਤ ਸਿੰਘ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੇਵਲ ਉਨ੍ਹਾਂ ਮੁੱਦਿਆਂ ‘ਤੇ ਸਰਕਾਰ ਦਾ ਸਮਰਥਨ ਕਰੇਗੀ ਜੋ ਉਹਨਾਂ ਦੀ ਪਾਰਟੀ ਦੀਆਂ ਨੀਤੀਆਂ ਦੇ ਅਨੁਕੂਲ ਹੋਣ ।