ਟੋਰਾਂਟੋ – ਕੈਨੇਡਾ ਵਿਚ ਪਿਛਲੇ ਸਾਲ ਇਕ ਗੋਲੀਬਾਰੀ ਦੀ ਘਟਨਾ ਵਿਚ ਜ਼ਿੰਦਾ ਬਚੀ ਗੁਰਸਿੱਖ ਲੜਕੀ ਨੇ ਆਪਣੇ ਸਿੱਖ ਮਾਤਾ-ਪਿਤਾ ਨੂੰ ਆਪਣੇ ਸਾਹਮਣੇ ਮਰਦੇ ਦੇਖਿਆ ਤੇ ਉਹਨਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਨਿਆਂ ਦੀ ਮੰਗ ਕਰਦਿਆਂ ਲੜਕੀ ਨੇ ਕਿਹਾ ਕਿ ਪੁਲਿਸ ਨੇ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾਈ। ਇਸ ਘਟਨਾ ਵਿਚ ਕੁੜੀ ਨੂੰ 13 ਗੋਲੀਆਂ ਵੱਜੀਆਂ ਸਨ।

ਦੱਸ ਦਈਏ ਕਿ ਜਗਤਾਰ ਸਿੰਘ ਸਿੱਧੂ (ਉਮਰ 57) ਅਤੇ ਉਨ੍ਹਾਂ ਪਤਨੀ ਹਰਭਜਨ ਕੌਰ (ਉਮਰ 55) ਨੂੰ 20 ਨਵੰਬਰ 2023 ਦੀ ਅੱਧੀ ਰਾਤ ਨੂੰ ਓਨਟਾਰੀਓ ਸੂਬੇ ਵਿਚ ਕੈਲੇਡਨ-ਬਰੈਂਪਟਨ ਸਰਹੱਦ ਨੇੜੇ ਉਨ੍ਹਾਂ ਦੇ ਕਿਰਾਏ ਦੇ ਘਰ ਵਿਚ 20 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਸਨ। ਇਸ ਘਟਨਾ ਵਿਚ ਜਗਤਾਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਸੀ ਅਤੇ ਹਰਭਜਨ ਕੌਰ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਉਨ੍ਹਾਂ ਦੀ ਧੀ, ਜੋ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਸੀ, ਉਸ ਦਾ ਅਜੇ ਵੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਹਸਪਤਾਲ ‘ਚ ਜ਼ੇਰੇ ਇਲਾਜ਼ ਜਸਪ੍ਰੀਤ ਨੇ ਦੱਸਿਆ ਕਿ ਇੱਕ ਵਿਅਕਤੀ ਉਨ੍ਹਾਂ ਦੇ ਪਰਿਵਾਰ ਦੇ ਕੈਲੇਡਨ ਸਥਿਤ ਕਿਰਾਏ ਦੇ ਘਰ ਵਿਚ ਦਾਖ਼ਲ ਹੋਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੇਰੇ ਪਿਤਾ ਨੂੰ ਮੇਰੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਮੈਂ ਆਖ਼ਰੀ ਵਾਰ ਆਪਣੀ ਮਾਂ ਦੀਆਂ ਚੀਕਾਂ ਸੁਣੀਆਂ ਅਤੇ ਉਸ ਤੋਂ ਬਾਅਦ (ਉੱਥੇ) ਪੂਰੀ ਤਰ੍ਹਾਂ ਸੰਨਾਟਾ ਛਾ ਗਿਆ।

ਉਥੇ ਸਿਰਫ਼ ਗੋਲੀਆਂ ਦੀ ਆਵਾਜ਼ ਹੀ ਆ ਰਹੀ ਸੀ। ਮੈਂ ਉਨ੍ਹਾਂ ਨੂੰ ਆਖ਼ਰੀ ਵਾਰ ਵੀ ਨਹੀਂ ਮਿਲ ਸਕੀ। ਮੈਂ ਕੁਝ ਵੀ ਨਹੀਂ ਕਰ ਪਾ ਰਹੀ ਸੀ… ਮੈਂ ਹੋਸ਼ ‘ਚ ਆਉਂਦੇ ਹੀ 911 ‘ਤੇ ਕਾਲ ਕੀਤੀ। ‘ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ’, ਇਹੀ ਮੈਂ ਵਾਰ-ਵਾਰ ਕਹਿ ਰਹੀ ਸੀ।” ਜਸਪ੍ਰੀਤ ਅਤੇ ਉਸ ਦਾ ਭਰਾ ਗੁਰਦਿੱਤ ਸਿੰਘ ਕੁਝ ਸਾਲ ਪਹਿਲਾਂ ਹੀ ਵਿਦਿਆਰਥੀ ਵਜੋਂ ਕੈਨੇਡਾ ਆਏ ਸਨ ਅਤੇ ਉਨ੍ਹਾਂ ਨੇ ਮਾਤਾ-ਪਿਤਾ ਦੀ ਆਮਦ ਨੂੰ ਸਪਾਂਸਰ ਕੀਤਾ ਸੀ ਜੋ ਜੁਲਾਈ ਵਿਚ ਦੇਸ਼ ਆਏ ਸਨ ਅਤੇ ਇਸ ਸਾਲ ਜਨਵਰੀ ਵਿਚ ਭਾਰਤ ਵਾਪਸ ਆਉਣ ਵਾਲੇ ਸਨ।

ਜਸਪ੍ਰੀਤ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਦੇ ਲਗਭਗ ਦੋ ਮਹੀਨੇ ਬੀਤ ਜਾਣ ਮਗਰੋਂ ਵੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਅਤੇ ਉਨ੍ਹਾਂ ਕੋਲ ਕੋਈ ਠੋਸ ਸਬੂਤ ਨਹੀਂ ਹਨ। ਜਸਪ੍ਰੀਤ ਨੇ ਕਿਹਾ ਕਿ ਪੁਲਿਸ ਨੇ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾਈ। ਕਿਸੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਇਹ ਘਟਨਾ ਵਾਪਰਨ ਤੋਂ 4 ਦਿਨ ਪਹਿਲਾਂ ਪੀਲ ਪੁਲਿਸ ਸਾਡੇ ਘਰ ਆਈ ਸੀ। ਮੇਰੇ ਮਾਤਾ-ਪਿਤਾ ਘਰ ਸਨ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਇਸ ਲਈ ਉਨ੍ਹਾਂ ਨੇ ਪੁਲਿਸ ਨਾਲ ਗੱਲ ਕਰਨ ਲਈ ਮੇਰੇ ਭਰਾ ਦੇ ਦੋਸਤ ਨਾਲ ਸੰਪਰਕ ਕੀਤਾ।

ਪੀਲ ਪੁਲਿਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਸੀ ਕਿ ਹੋਮੀਸਾਈਡ ਬਿਊਰੋ ਨੇ 16 ਨਵੰਬਰ ਨੂੰ ਅਣਪਛਾਤੀ ਜਾਂਚ ਦੇ ਬਾਰੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਜਸਪ੍ਰੀਤ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਸਾਨੂੰ ਚੇਤਾਵਨੀ ਦਿੱਤੀ ਹੁੰਦੀ ਤਾਂ ਅਸੀਂ ਤੁਰੰਤ ਉਥੋਂ ਚਲੇ ਜਾਂਦੇ। ਉਹ ਆਪਣੇ ਭਰਾ ਗੁਰਦਿੱਤ ਦੀ ਜਾਨ ਨੂੰ ਲੈ ਕੇ ਡਰੀ ਹੋਈ ਹੈ, ਜੋ ਘਟਨਾ ਵਾਪਰਨ ਵੇਲੇ ਘਰ ਨਹੀਂ ਸੀ।

ਸਾਨੂੰ ਨਹੀਂ ਪਤਾ ਕਿ ਸਾਡਾ ਬਾਹਰ ਜਾਣਾ ਸੁਰੱਖਿਅਤ ਹੈ ਜਾਂ ਨਹੀਂ। ਹਰ ਵਾਰ ਜਦੋਂ ਮੇਰਾ ਭਰਾ ਬਾਹਰ ਜਾਂਦਾ ਹੈ, ਮੈਨੂੰ ਡਰ ਲੱਗਦਾ ਹੈ। ਮੇਰੀ ਸਰਜਰੀ ਲਈ 18-19 ਘੰਟੇ ਤੋਂ ਵੱਧ ਸਮਾਂ ਲੱਗ ਗਿਆ ਅਤੇ ਡਾਕਟਰਾਂ ਨੇ ਨਹੀਂ ਸੋਚਿਆ ਸੀ ਕਿ ਮੈਂ ਬਚ ਸਕਾਂਗੀ। ਜਸਪ੍ਰੀਤ ਨੇ ਕਿਹਾ ਕਿ ਉਹ ਇਨਸਾਫ਼ ਮਿਲਣ ਤੱਕ ਨਹੀਂ ਰੁਕੇਗੀ। ਉਸ ਨੇ ਕਿਹਾ ਜੇ ਇਹ ਅੱਜ ਸਾਡੇ ਨਾਲ ਹੋਇਆ ਹੈ, ਤਾਂ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ।