‘41 ਸਫ਼ੀਰਾਂ ਨੂੰ ਭਾਰਤ ’ਚੋਂ ਵਾਪਸ ਬੁਲਾਉਣ’ ਬਾਰੇ ਰੀਪੋਰਟ ਦੀ ਪੁਸ਼ਟੀ ਨਹੀਂ ਕੀਤੀ

ਟੋਰਾਂਟੋ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਭਾਰਤ ਨਾਲ ਤਣਾਅ ਵਧਾਉਣਾ ਨਹੀਂ ਚਾਹੁੰਦਾ ਹੈ। ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਵਿਚਕਾਰ, ਟਰੂਡੋ ਨੇ ਕਿਹਾ ਕਿ ਓਟਾਵਾ ਨਵੀਂ ਦਿੱਲੀ ਨਾਲ ‘ਰਚਨਾਤਮਕ ਸਬੰਧ’ ਜਾਰੀ ਰੱਖੇਗਾ। ‘ਟੋਰਾਂਟੋ ਸਨ’ ਅਖਬਾਰ ਮੁਤਾਬਕ ਟਰੂਡੋ ਨੇ ਓਟਾਵਾ ’ਚ ਪੱਤਰਕਾਰਾਂ ਨੂੰ ਕਿਹਾ ਕਿ ਕੈਨੇਡਾ ਲਈ ਭਾਰਤ ’ਚ ਜ਼ਮੀਨ ’ਤੇ ਸਫ਼ੀਰਾਂ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਦਾ ਇਹ ਬਿਆਨ ਲੰਡਨ ਦੇ ਫਾਈਨੈਂਸ਼ੀਅਲ ਟਾਈਮਜ਼ ਦੀ ਇਕ ਰੀਪੋਰਟ ਤੋਂ ਬਾਅਦ ਆਇਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਬਾਕੀ ਬਚੇ 62 ਕੈਨੇਡੀਅਨ ਸਫ਼ੀਰਾਂ ’ਚੋਂ 41 ਨੂੰ ਵਾਪਸ ਭੇਜਣਾ ਚਾਹੁੰਦਾ ਹੈ।
ਅਖਬਾਰ ਨੇ ਟਰੂਡੋ ਦੇ ਹਵਾਲੇ ਨਾਲ ਕਿਹਾ, ‘‘ਸਪੱਸ਼ਟ ਤੌਰ ’ਤੇ, ਅਸੀਂ ਇਸ ਸਮੇਂ ਭਾਰਤ ਨਾਲ ਬਹੁਤ ਚੁਨੌਤੀਪੂਰਨ ਸਮੇਂ ’ਚੋਂ ਲੰਘ ਰਹੇ ਹਾਂ।’’ ਹਾਲਾਂਕਿ ਉਨ੍ਹਾਂ ਨੇ ਫਾਈਨੈਂਸ਼ੀਅਲ ਟਾਈਮਜ਼ ਦੀ ਰੀਪੋਰਟ ਦੀ ਪੁਸ਼ਟੀ ਨਹੀਂ ਕੀਤੀ। ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਕੈਨੇਡਾ ’ਚ ਤਾਇਨਾਤ ਸਫ਼ੀਰਾਂ ਨੂੰ ਕੱਢਣ ਲਈ ਕਹਿ ਕੇ ਜਵਾਬੀ ਕਾਰਵਾਈ ਕਰੇਗੀ, ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਵੀਂ ਦਿੱਲੀ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ।
ਟਰੂਡੋ ਨੇ ਕਿਹਾ, ‘‘ਜਿਵੇਂ ਕਿ ਮੈਂ ਕਿਹਾ ਹੈ, ਅਸੀਂ ਤਣਾਅ ਵਧਾਉਣ ਬਾਰੇ ਨਹੀਂ ਸੋਚ ਰਹੇ ਹਾਂ। ਅਸੀਂ ਉਹੀ ਕੰਮ ਕਰਨਾ ਚਾਹੁੰਦੇ ਹਾਂ ਕਿ ਜੋ ਇਨ੍ਹਾਂ ਬਹੁਤ ਮੁਸ਼ਕਲ ਸਮਿਆਂ ’ਚ ਸਾਡੇ ਲਈ ਭਾਰਤ ਨਾਲ ਅਪਣੇ ਰਚਨਾਤਮਕ ਸਬੰਧ ਜਾਰੀ ਰੱਖਣ ਲਈ ਸਹਾਈ ਹੋਣ।’’
ਜੂਨ ’ਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਗੰਭੀਰ ਤਣਾਅ ’ਚ ਆ ਗਏ ਸਨ। ਭਾਰਤ ਨੇ ਦੋਸ਼ਾਂ ਨੂੰ ‘ਬੇਬਤੁਕਾ ਅਤੇ ‘ਪ੍ਰੇਰਿਤ’ ਦਸਦਿਆਂ ਰੱਦ ਕਰ ਦਿਤਾ ਅਤੇ ਇਸ ਮਾਮਲੇ ’ਤੇ ਓਟਾਵਾ ’ਚ ਇਕ ਭਾਰਤੀ ਅਧਿਕਾਰੀ ਨੂੰ ਕੱਢਣ ਦੇ ਬਦਲੇ ਵਜੋਂ ਇਕ ਸੀਨੀਅਰ ਕੈਨੇਡੀਆਈ ਸਫ਼ੀਰ ਨੂੰ ਕੱਢ ਦਿਤਾ। ਨਿੱਝਰ ਦਾ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ’ਚ ਦੋ ਨਕਾਬਪੋਸ਼ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। ਭਾਰਤ ਨੇ 2020 ’ਚ ਉਸ ਨੂੰ ਅਤਿਵਾਦੀ ਐਲਾਨ ਕੀਤਾ ਸੀ।