ਸੈਕਰਾਮੈਂਟੋ : ਕੈਲੀਫੋਰਨੀਆ ਦੇ ਸ਼ਹਿਰ ਬਰਕਲੇ ਵਿਖੇ ਇਕ ਸੁਨਿਆਰੇ ਦੀ ਦੁਕਾਨ ‘ਤੇ ਦਿਨ ਦਿਹਾੜੇ ਪਏ ਡਾਕੇ ਵਿਚ ਲੁਟੇਰੇ 5 ਲੱਖ ਮੁੱਲ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਬਰਕਲੇ ਪੁਲਿਸ ਵਿਭਾਗ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੰਦੂਕਾਂ ਤੇ ਹਥੌੜਿਆਂ ਨਾਲ ਲੈਸ ਲੁਟੇਰੇ ਬੰਬੇ ਜਿਊਲਰੀ ਕੰਪਨੀ ਦੇ ਸਟੋਰ ਵਿਚ ਦੁਪਹਿਰ 2.10 ਵਜੇ ਦੇ ਕਰੀਬ ਦਾਖਲ ਹੋਏ। ਲੁਟੇਰਿਆਂ ਦੀ ਗਿਣਤੀ 7 ਤੋਂ 8 ਸੀ ਜਿਨਾਂ ਨੇ ਹਥਿਆਰਾਂ ਦੀ ਨੋਕ ‘ਤੇ ਸਟਾਫ ਤੇ ਗਾਹਕਾਂ ਨੂੰ ਇਕ ਪਾਸੇ ਕਰ ਦਿੱਤਾ। ਹਾਲਾਂ ਕਿ ਕੰਪਨੀ ਦੇ ਸਟਾਫ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਜਿਸ ਉਪਰੰਤ ਪੁਲਿਸ ਅਫਸਰ ਤੁਰੰਤ ਘਟਨਾ ਸਥਾਨ ‘ਤੇ ਪੁੱਜੇ। ਪੁਲਿਸ ਅਨੁਸਾਰ ਲੁਟੇਰੇ ਇਕ ਮਿੰਟ ਵਿਚ ਹੀ ਗਹਿਣੇ ਲੁੱਟ ਕੇ ਫਰਾਰ ਹੋਣ ਵਿਚ ਸਫਲ ਹੋ ਗਏ। ਪੁਲਿਸ ਅਨੁਸਾਰ ਘੱਟੋ ਘੱਟ 5 ਲੱਖ ਡਾਲਰ ਦੇ ਗਹਿਣੇ ਲੁੱਟੇ ਗਏ ਹਨ। ਲੁਟੇਰੇ ਦੋ ਗੱਡੀਆਂ ਵਿਚ ਸਟੋਰ ‘ਤੇ ਆਏ ਸਨ ਜਿਨਾਂ ਵਿਚ ਇਕ ਕਾਲੇ ਰੰਗ ਦੀ ਹਾਂਡਾ ਸਿਵਿਕ ਤੇ ਦੂਸਰੀ ਸਲੇਟੀ ਰੰਗ ਦੀ ਡੌਜ ਚਾਰਜ਼ਰ ਗੱਡੀ ਸ਼ਾਮਿਲ ਹੈ। ਘਟਨਾ ਦੀ ਬਰਕਲੇ ਪੁਲਿਸ ਵਿਭਾਗ ਤੇਜੀ ਨਾਲ ਜਾਂਚ ਕਰ ਰਿਹਾ ਹੈ।