ਟੋਰਾਂਟੋ : ਟੋਰਾਂਟੋ ਦੇ ਤਿੰਨ ਸਕੂਲਾਂ ਸਣੇ ਉਨਟਾਰੀਓ ਦੇ ਕਈ ਵਿਦਿਅਕ ਅਦਾਰਿਆਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਨੇ ਬੁੱਧਵਾਰ ਬਾਅਦ ਦੁਪਹਿਰ ਭੜਥੂ ਪਾ ਦਿਤਾ। ਟੋਰਾਂਟੋ ਦੇ ਤਿੰਨ ਸਕੂਲਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦੇ ਸੰਭਾਵਤ ਬੰਬ ਦੀ ਭਾਲ ਕੀਤੀ ਗਈ ਪਰ ਕੁਝ ਨਾ ਮਿਲਿਆ। ਦੂਜੇ ਪਾਸੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਸੂਬੇ ਦੇ ਉਤਰੀ ਅਤੇ ਪੂਰਬੀ ਇਲਾਕਿਆਂ ਦੇ ਸਕੂਲਾਂ ਵਿਚ ਬੰਬ ਦੀ ਧਮਕੀ ਦੇਣ ਵਾਲੇ ਮੋਟੀ ਰਕਮ ਦੀ ਮੰਗ ਕਰ ਰਹੇ ਸਨ। ਪੁਲਿਸ ਨੇ ਟਵਿਟਰ ਰਾਹੀਂ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਸਕੂਲ ਵਿਚ ਕੋਈ ਖਤਰਨਾਕ ਚੀਜ਼ ਬਰਾਮਦ ਨਹੀਂ ਹੋਈ।
ਬੰਬ ਦੀਆਂ ਧਮਕੀਆਂ ਦੇ ਸ਼ਿਕਾਰ ਸਕੂਲਾਂ ਵਿਚ ਧਾਰਮਿਕ ਅਤੇ ਗੈਰ ਧਾਰਮਿਕ ਦੋਵੇਂ ਕਿਸਮ ਦੇ ਸਕੂਲ ਸਨ ਜਦਕਿ ਇਕ ਯਹੂਦੀ ਸਕੂਲ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਸੁਝਾਅ ਤਹਿਤ ਟਿਮਨਜ਼ ਇਲਾਕੇ ਦੇ ਚਾਰ ਸਕੂਲ ਬੋਰਡਾਂ ਅਧੀਨ ਆਉਂਦੇ ਸਾਰੇ ਵਿਦਿਅਕ ਅਦਾਰੇ ਬੁੱਧਵਾਰ ਨੂੰ ਬੰਦ ਰਹੇ। ਗਰੇਟਰ ਟੋਰਾਂਟੋ ਏਰਆ ਦੇ ਤਿੰਨ ਸਕੂਲਾਂ ਨੂੰ ਬੰਬ ਦੀ ਧਮਕੀ ਮਗਰੋਂ ਬੰਦ ਕਰਵਾਇਆ ਗਿਆ। ਇਸੇ ਦੌਰਾਨ ਟੋਰਾਂਟੋ ਦੇ ਕਿਪÇਲੰਗ ਕੌਲਜੀਏਟ ਇੰਸਟੀਚਿਊਟ, ਲੇਕਸ਼ੋਰ ਕੌਲਜੀਏਟ ਇੰਸਟੀਚਿਊਟ ਅਤੇ ਵੈਸਟ੍ਰਨ ਟੈਕਨੀਕਲ ਕਮਰਸ਼ੀਅਲ ਸਕੂਲ ਨੂੰ ਦੁਪਹਿਰ ਢਾਏ ਵਜੇ ਤੋਂ ਪਹਿਲਾਂ ਖਾਲੀ ਕਰਵਾਇਆ ਗਿਆ ਅਤੇ ਸ਼ਾਮ ਤਕਰੀਬਨ ਪੰਜ ਵਜੇ ਪੁਲਿਸ ਨੇ ਕੋਈ ਬੰਬ ਨਾ ਮਿਲਣ ਦਾ ਐਲਾਨ ਕਰ ਦਿਤਾ। ਮਾਪਿਆਂ ਨੂੰ ਲਿਖੇ ਪੱਤਰ ਵਿਚ ਸਕੂਲਾਂ ਨੇ ਕਿਹਾ ਕਿ ਧਮਕੀ ਮਿਲਣ ਤੋਂ ਤੁਰਤ ਬਾਅਦ ਪੁਲਿਸ ਨੂੰ ਇਤਲਾਹ ਦਿਤੀ ਗਈ। ਭਾਵੇਂ ਮੁਢਲੇ ਤੌਰ ’ਤੇ ਧਮਕੀਆਂ ਫਰਜ਼ੀ ਮਹਿਸੂਸ ਹੋਈਆਂ ਪਰ ਵਿਦਿਆਰਥੀਆਂ ਅਤੇ ਸਟਾਫ ਨੂੰ ਦਰਪੇਸ਼ ਹਰ ਖਤਰੇ ਨਾਲ ਗੰਭੀਰਤਾ ਨਾਲ ਨਜਿੱਠਿਆ ਜਾਂਦਾ ਹੈ। ਟੋਰਾਂਟੋ ਤੋਂ ਇਲਾਵਾ ਬਰÇਲੰਗਟਨ ਦੇ ਨੈਲਸਨ ਹਾਈ ਸਕੂਲ ਨੂੰ ਵੀ ਧਮਕੀ ਮਗਰੋਂ ਖਾਲੀ ਕਰਵਾਇਆ ਗਿਆ।